ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਰਜਿਸਟਰਡ 227 ਉਸਾਰੀ ਕਿਰਤੀਆਂ ਨੂੰ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ 41 ਲੱਖ 66 ਹਜ਼ਾਰ ਦੀ ਰਾਸ਼ੀ ਮਨਜ਼ੂਰ

  • ਲੋਕ ਭਲਾਈ ਸਕੀਮਾਂ ਦਾ ਲਾਭ ਜਮੀਨੀ ਪੱਧਰ ’ਤੇ ਲੋੜਬੰਦਾਂ ਤੱਕ ਬਿਨਾਂ ਕਿਸੇ ਦੇਰੀ ਦੇ ਪਹੁੰਚਾਇਆ ਜਾਵੇ-ਹਰਬੰਸ ਸਿੰਘ
  • 18 ਤੋਂ 60 ਸਾਲ ਦਾ ਉਸਾਰੀ ਕਿਰਤੀ ਬਣ ਸਕਦਾ ਹੈ ਲਾਭਪਾਤਰੀ ਬੋਰਡ ਦਾ ਮੈਂਬਰ: ਸਹਾਇਕ ਕਿਰਤ ਕਮਿਸ਼ਨਰ

ਮਾਲੇਰਕੋਟਲਾ 03 ਦਸੰਬਰ 2024 : ਕਿਰਤ ਵਿਭਾਗ ਪੰਜਾਬ ਵੱਲੋਂ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ ਹਰਬੰਸ ਸਿੰਘ ਦੀ ਪ੍ਰਧਾਨਗੀ ਹੇਠ ਸਬ ਡਵੀਜਨ ਪੱਧਰੀ ਕਮੇਟੀ ਦੀ ਮੀਟਿਗ ਹੋਈ । ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਗਪ੍ਰੀਤ ਸਿੰਘ, ਲੇਬਰ ਇੰਸਪੈਕਟਰ ਪਵਨੀਤ ਕੌਰ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਮੌਜੂਦ ਸਨ। ਉਪ ਮੰਡਲ ਮੈਜਿਸਟ੍ਰੇਟ ਹਰਬੰਸ ਸਿੰਘ ਨੇ ਸਬੰਧਿਤ ਵਿਭਾਗ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਲਈ ਲਾਗੂ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ’ਤੇ ਬਿਨਾਂ ਕਿਸੇ ਦੇਰੀ ਦੇ ਪੁੱਜ ਦਾ ਕੀਤਾ ਜਾਵੇ ।ਇਸ ਮੌਕੇ ਕਿਰਤ ਵਿਭਾਗ ਪੰਜਾਬ ਵੱਲੋਂ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ ਵੈੱਲਫੇਅਰ ਬੋਰਡ ਅਧੀਨ ਰਜਿਸਟਰਡ 227 ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਲਾਭ ਦੇਣ ਲਈ 41 ਲੱਖ 66 ਹਜ਼ਾਰ ਰੁਪਏ ਦੀ ਰਸਮੀ ਪ੍ਰਵਾਨਗੀ ਦਿੱਤੀ ਗਈ । ਸਬ ਡਵੀਜਨ ਪੱਧਰੀ ਕਮੇਟੀ ਵਲੋਂ 204 ਵਜ਼ੀਫ਼ਾ ਸਕੀਮ ,07 ਐਕਸਗ੍ਰੇਸ਼ੀਆ,06 ਸ਼ਗਨ ਸਕੀਮ, 08 ਦਾਹ ਸੰਸਕਾਰ,01 ਪੈਨਸ਼ਨ ਸਕੀਮ,01 ਪ੍ਰਸੂਤਾ ਸਕੀਮ ਕੇਸਾਂ ਨੂੰ ਰਸਮੀ ਪ੍ਰਵਾਨਗੀ ਦਿੱਤੀ ਗਈ। ਉਪ ਮੰਡਲ ਮੈਜਿਸਟ੍ਰੇਟ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਵਾਂ ਸਬੰਧੀ ਅਤੇ ਹੋਰ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਜਾਗਰੂਕ ਕੀਤਾ ਜਾਵੇ ਤਾ ਜੋ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪੁਜ ਸਕੇ। ਸਹਾਇਕ ਕਿਰਤ ਕਮਿਸ਼ਨਰ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫ਼ਾ ਸਕੀਮ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ, ਯਾਤਰਾ ਸਹੂਲਤ, ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਸਕੀਮ, ਦਾਹ ਸੰਸਕਾਰ ਤੇ ਅੰਤਿਮ ਕਿਰਿਆ ਕਰਮ ਦੇ ਖ਼ਰਚੇ ਲਈ ਸਸਕਾਰ ਸਕੀਮ, ਬੋਰਡ ਦੇ ਲਾਭਪਾਤਰੀਆਂ ਲਈ ਪੈਨਸ਼ਨ ਸਕੀਮ, ਪ੍ਰਸੂਤਾ ਲਾਭ ਸਕੀਮ, ਔਜ਼ਾਰ ਖ਼ਰੀਦਣ ਲਈ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਲਈ ਵਿੱਤੀ ਸਹਾਇਤਾ, ਲੜਕੀਆਂ ਦੇ ਜਨਮ ਸਮੇਂ ਬਾਲੜੀ ਤੋਹਫ਼ਾ ਸਕੀਮ ਵਜੋਂ ਰਾਸ਼ੀ ਜਮ੍ਹਾਂ ਕਰਾਉਣ ਅਤੇ ਉਸਾਰੀ ਕਿਰਤੀ ਦੀ ਮੌਤ ਹੋਣ ਤੋਂ ਬਾਅਦ ਐਕਸ ਗ੍ਰਸਿਆ ਜਿਹੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਵਿੱਚ ਉਹ ਉਸਾਰੀ ਕਿਰਤੀ ਜਿਸ ਦੀ ਉਮਰ 18 ਤੋਂ 60 ਸਾਲ ਵਿਚਕਾਰ ਹੈ ਅਤੇ ਜਿਸਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ ਘੱਟ 90 ਦਿਨ ਉਸਾਰੀ ਦਾ ਕੰਮ ਕੀਤਾ ਹੋਵੇ। ਉਹ ਕਿਰਤੀ ਬੋਰਡ ਦੇ ਲਾਭਪਾਤਰੀ ਵਜੋਂ ਮੈਂਬਰ ਬਣਨ ਯੋਗ ਹੈ। ਮੈਂਬਰ ਬਣਨ ਲਈ ਰਜਿਸਟਰੇਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਏ ਜਾ ਸਕਦੇ ਹਨ  ਅਤੇ ਸੇਵਾ ਕੇਂਦਰਾਂ ਤੇ ਨਿਰਧਾਰਿਤ ਫ਼ੀਸ ਅਦਾ ਕਰਕੇ ਆਪਣੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲੇਬਰ ਇੰਸਪੈਕਟਰ ਪਵਨੀਤ ਕੌਰ ਨੇ ਦੱਸਿਆ ਕਿ ਕਿਰਤ ਵਿਭਾਗ ਨਾਲ ਸਬੰਧਿਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਬੋਰਡ ਅਧੀਨ ਲਾਭਪਾਤਰੀ ਰਜਿਸਟਰਡ ਹੋਣਾ ਜ਼ਰੂਰੀ ਹੈ।ਇਸ ਲਈ ਜ਼ਿਲ੍ਹੇ ਨਾਲ ਸਬੰਧਿਤ ਸਾਰੇ ਉਸਾਰੀ ਕਿਰਤੀਆਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਲਾਭਪਾਤਰੀ ਵਜੋਂ ਰਜਿਸਟਰਡ ਹੋਣ ਤਾਂ ਜੋ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਣ ।  ਉਹਨਾਂ ਦੱਸਿਆ ਕਿ ਉਸਾਰੀ ਦੇ ਕੰਮ ਨਾਲ ਸਬੰਧਿਤ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ/ਸੀਮਿੰਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ ਟਾਈਲਾ ਲਗਾਉਣ ਵਾਲੇ,ਪੇਂਟਰ,ਪੀ.ਓ.ਪੀ.ਕਰਨ ਵਾਲੇ,ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕ, ਆਦਿ ਤੇ ਉਸਾਰੀ, ਮੁਰੰਮਤ ਦਾ ਕੰਮ ਕਰਨ ਵਾਲੇ ਉਸਾਰੀ ਕਿਰਤੀ ਦੀ ਕੜੀ ਵਿੱਚ ਸ਼ਾਮਲ ਹਨ।