ਲੁਧਿਆਣਾ 1 ਅਪ੍ਰੈਲ : ਅਮਰੀਕਾ ਦੇ ਜੂਲੀ ਬੋਰਲਾਗ ਸੰਸਥਾਨ ਨਾਲ ਜੁੜੇ ਨਿਊਫੀਲਡ ਕੌਮਾਂਤਰੀ ਸਕਾਲਰ ਅਤੇ ਗਲੋਬਲ ਫਾਰਮਰ ਨੈੱਟਵਰਕ ਦੇ ਸਾਬਕਾ ਨਿਰਦੇਸ਼ਕ ਸ਼੍ਰੀਮਤੀ ਹੋਪ ਪਜੇਸਕਾ ਨੇ ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਬਜ਼ੀ ਵਿਭਾਗ ਦਾ ਦੌਰਾ ਕੀਤਾ। ਡਾ: ਤਰਸੇਮ ਸਿੰਘ ਢਿੱਲੋਂ, ਮੁਖੀ, ਸਬਜ਼ੀ ਵਿਗਿਆਨ ਵਿਭਾਗ, ਨੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਵਿਭਾਗ ਵਿੱਚ ਚੱਲ ਰਹੀਆਂ ਸਬਜ਼ੀਆਂ ਦੀ ਖੋਜ, ਪਸਾਰ ਅਤੇ ਅਧਿਆਪਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਬਜ਼ੀ ਖੋਜ ਫਾਰਮ ਅਤੇ ਪ੍ਰਦਰਸ਼ਨੀ ਖੇਤ ਦਾ ਦੌਰਾ ਕਰਦੇ ਹੋਏ ਡਾ: ਢਿੱਲੋਂ ਨੇ ਗਾਜਰ, ਮਟਰ, ਮਿਰਚ ਅਤੇ ਹੋਰ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਬਾਰੇ ਦੱਸਿਆ। ਉਨ੍ਹਾਂ ਨੇ ਟਮਾਟਰ, ਖੀਰਾ, ਸ਼ਿਮਲਾ ਮਿਰਚ ਅਤੇ ਫਲੀਆਂ 'ਤੇ ਸੁਰੱਖਿਅਤ ਖੇਤੀ ਦੇ ਖੋਜ ਪ੍ਰਯੋਗਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਵਿਭਾਗ ਵੱਲੋਂ ਕੀਤੇ ਗਏ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਰੰਗਦਾਰ ਗਾਜਰ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ ਬਲੈਕ ਬਿਊਟੀ, ਪੰਜਾਬ ਜਾਮੁਨੀ ਅਤੇ ਪੰਜਾਬ ਰੋਸ਼ਨੀ ਨੂੰ ਵਿਕਸਤ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਮਹਿਮਾਨ ਨੂੰ ਜਾਣਕਾਰੀ ਮੁਹਈਆ ਕਰਵਾਈ ਗਈ। ਲੋਕਾਂ ਦੀ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੌਸ਼ਟਿਕ ਰਸੋਈ ਗਾਰਡਨ ਮਾਡਲ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ। ਆਏ ਹੋਏ ਮਹਿਮਾਨ ਦੇ ਨਾਲ, ਡਾ: ਮਲਵਿੰਦਰ ਸਿੰਘ ਮੱਲ੍ਹੀ ਨੇ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਬਜ਼ੀਆਂ ਦੀ ਭੂਮਿਕਾ ਬਾਰੇ ਚਰਚਾ ਕੀਤੀ। ਸਬਜ਼ੀ ਵਿਗਿਆਨ ਵਿਭਾਗ ਦੇ ਮੁੱਖ ਸਬਜ਼ੀ ਵਿਗਿਆਨੀ ਡਾ: ਰਜਿੰਦਰ ਕੁਮਾਰ ਢੱਲ ਨੇ ਅਮਰੀਕੀ ਕਿਸਾਨ ਦਾ ਸਵਾਗਤ ਕੀਤਾ।