ਕਰਮਸਰ, 07 ਅਪ੍ਰੈਲ (ਬੇਅੰਤ ਰੋੜੀਆਂ) : ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ । ਇਸ ਵਿੱਚ ਕਾਲਜ ਦੇ ਵਿਕਾਸ ਕਾਰਜਾਂ ਵਿੱਚ ਐਲੂਮਨੀ ਐਸੋਸੀਏਸ਼ਨ ਦੀ ਭੂਮਿਕਾ ਸਬੰਧੀ ਉਸਾਰੂ ਵਿਚਾਰ ਚਰਚਾ ਕੀਤੀ ਗਈ। ਹਾਜ਼ਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਐਲੂਮਨੀ ਐਸੋਸੀਏਸ਼ਨ ਦੇ ਸੰਵਿਧਾਨਿਕ ਉਦੇਸ਼ਾਂ, ਭਵਿੱਖਤ ਕਾਰਜਾਂ, ਸੰਗਠਨਾਤਮਕ ਢਾਂਚੇ ਸਬੰਧੀ ਵਡਮੁੱਲੇ ਵਿਚਾਰ ਪ੍ਰਗਟਾਏ। ਸਮੂਹ ਕਾਰਜਕਰਨੀ ਨੇ ਵਿਦੇਸ਼ਾਂ ਵਿੱਚ ਵੱਸਦੇ ਕਾਲਜ ਦੇ ਵਿਦਿਆਰਥੀਆਂ ਤੱਕ ਵੱਧ ਤੋਂ ਵੱਧ ਪਹੁੰਚ ਕਰਨ ਦਾ ਟੀਚਾ ਵੀ ਮਿੱਥਿਆ ਤਾਂ ਜੋ ਐਲੂਮਨੀ ਦੇ ਕਾਰਜਾਂ ਲਈ ਇੱਕ ਨਿਸ਼ਚਿਤ ਰੂਪ-ਰੇਖਾ ਨੂੰ ਉਲੀਕਣ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਹਾਸਿਲ ਕੀਤਾ ਜਾ ਸਕੇ। ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਗੱਲ ਪ੍ਰਤੀ ਖੁਸ਼ੀ ਜ਼ਾਹਿਰ ਕੀਤੀ ਕਿ ਕਾਲਜ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਵਿੱਚ ਕਾਲਜ ਵਿੱਚ ਵਿਕਾਸ ਕਾਰਜ ਬਖੂਬੀ ਕਰਵਾਏ ਜਾ ਰਹੇ ਹਨ। ਇਸ ਮੌਕੇ ਸ਼੍ਰੀਮਤੀ ਚਰਨਜੀਤ ਕੌਰ ਘਣਗਸ, ਕੰਵਰਦੀਪ ਸਿੰਘ ਬੜੂੰਦੀ, ਡਾ. ਸੰਦੀਪ ਸ਼ਰਮਾ, ਗੰਗਾ ਰਾਮ, ਸੁਰਿੰਦਰ ਸਿੰਘ ਲਾਪਰ, ਪ੍ਰੋ. ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਪ੍ਰੋ. ਇੰਦਰਪਾਲ ਸਿੰਘ ਉਚੇਚੇ ਤੌਰ ਤੇ ਹਾਜ਼ਰ ਰਹੇ।