- ਅਧਿਕਾਰੀਆਂ ਨੂੰ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ, ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼
- ਖਰੀਦੇ ਗਏ ਝੋਨੇ ਦੀ ਹੁਣ ਤੱਕ 90 ਪ੍ਰਤੀਸ਼ਤ ਤੋਂ ਵੱਧ ਦੀ ਹੋਈ ਅਦਾਇਗੀ
ਫ਼ਰੀਦਕੋਟ 24 ਅਕਤੂਬਰ,2024 : ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚੋਂ ਲਿਫਟਿੰਗ, ਖਰੀਦ, ਅਦਾਇਗੀ ਆਦਿ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਬੀਤੇ ਕੱਲ੍ਹ ਤੇ ਅੱਜ 15 ਮੀਟਰਿਕ ਟਨ ਝੋਨਾ ਮੰਡੀਆਂ ਵਿੱਚੋਂ ਲਿਫਟਿੰਗ ਹੋ ਜਾਵੇਗਾ। ਇਸ ਤੋਂ ਇਲਾਵਾ ਖਰੀਦ ਕੇਂਦਰਾਂ ਵਿੱਚ ਪੁੱਜੇ ਝੋਨੇ ਨੂੰ ਖਰੀਦ ਏਜੰਸੀਆਂ ਵੱਲੋਂ ਬਿਨਾਂ ਕਿਸੇ ਦੇਰੀ ਤੇ ਤੁਰੰਤ ਖਰੀਦ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 101 ਰਾਈਸ ਮਿਲਾਂ ਨੇ ਆਨਲਾਈਨ ਅਲਾਟਮੈਂਟ ਲਈ ਅਪਲਾਈ ਕੀਤਾ ਹੈ ਜਿਸ ਵਿੱਚੋਂ 88 ਰਾਈਸ ਮਿਲਾਂ ਵੱਖ ਵੱਖ ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਰਾਇਸ ਮਿਲਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਖਰੀਦ ਕੇਂਦਰਾਂ/ਆਰਜ਼ੀ ਫੜ੍ਹਾਂ ਨਾਲ ਲਿੰਕ ਕਰ ਦਿੱਤਾ ਗਿਆ ਹੈ ਤਾਂ ਜੋ ਲਿਫਟਿੰਗ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੀਆ ਮੰਡੀਆ ਵਿੱਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ ਜਿਲ੍ਹੇ ਦੀਆਂ 68 ਮੰਡੀਆਂ ਅਤੇ 20 ਆਰਜੀ ਖਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਲਗਭਗ 158782 ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋ 114871 ਟਨ ਝੋਨੇ ਦੀ ਵੱਖ-2 ਸਰਕਾਰੀ ਏਜੰਸੀਆਂ ਵੱਲੋ ਖਰੀਦ ਕੀਤੀ ਜਾ ਚੁੱਕੀ ਹੈ। ਇਹਨਾਂ ਖਰੀਦ ਕੇਂਦਰਾਂ ਵਿਚ ਬੀਤੀ ਸ਼ਾਮ ਤੱਕ ਲਗਭਗ 17928 ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 6111 ਕਿਸਾਨਾਂ ਨੂੰ ਬਣਦੀ 178.75 ਕਰੋੜ ਵਿਚੋ ਕਰੀਬ 168 ਕਰੋੜ ਦੀ ਅਦਾਇਗੀ ਕਰ ਦਿੱਤੀ ਗਈ ਹੈ। ਜੋ 90 ਪ੍ਰਤੀਸ਼ਤ ਤੋਂ ਵੱਧ ਬਣਦੀ ਹੈ। ਸ੍ਰੀ ਰਾਜ ਰਿਸ਼ੀ ਮਹਿਰਾ, ਡੀ.ਐਫ.ਐਸ.ਸੀ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵੀਆਂ ਰਾਈਸ ਮਿਲਾਂ ਲਈ ਮਿਥੀ ਝੋਨੇ ਦੀ ਮਿਕਦਾਰ ਨੂੰ ਪਹਿਲਾਂ ਤੋਂ ਸਥਾਪਿਤ ਰਾਈਸ ਮਿਲਾਂ ਦੇ ਬਰਾਬਰ ਕਰ ਦਿੱਤਾ ਗਿਆ ਹੈ । ਰਾਈਸ ਮਿਲਾਂ ਦੀਆਂ ਰਜਿਸਟਰੇਸ਼ਾਂ ਸਬੰਧੀ ਵਿਭਾਗੀ ਪੋਰਟਲ ਲਗਾਤਾਰ ਖੋਲਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਓ. ਦੀ ਫੀਸ 75 ਰੁ. ਪ੍ਰਤੀ ਟਨ ਤੋ ਘਟਾ ਕੇ 15 ਰੁ. ਪ੍ਰਤੀ ਟਨ ਅਤੇ 50 ਰੁ. ਪ੍ਰਤੀ ਟਨ ਵਾਲੀ ਫੀਸ ਘਟਾ ਕੇ 10 ਰੁ. ਪ੍ਰਤੀ ਟਨ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਰਾਈਸ ਮਿਲ ਨੇ ਆਰ.ਓ. ਅਪਲਾਈ ਕਰ ਦਿੱਤਾ ਹੈ ਉਹ ਐਗਰੀਮੈਂਟ ਉਪਰੰਤ ਪੈਡੀ ਲਿਫਟ ਕਰਨੀ ਸੁਰੂ ਕਰ ਦੇਣਗੇ। ਉਨ੍ਹਾਂ ਸਮੂਹ ਮਿਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਈਸ ਮਿਲਾਂ ਨੂੰ ਜਲਦ ਵਿਭਾਗ ਨਾਲ ਅਲਾਟ ਕਰਵਾਉਣ ਤਾਂ ਜੋ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਤੇਜੀ ਲਿਆਈ ਜਾ ਸਕੇ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ 5 ਹਜ਼ਾਰ ਮੀਟਰਿਕ ਟਨ ਤੋਂ ਵੱਧ ਲਿਫਟਿੰਗ ਹੋਈ ਹੈ ਅਤੇ ਅੱਜ ਸ਼ਾਮ ਤੱਕ 8 ਹਜ਼ਾਰ ਮੀਟਰਿਕ ਟਨ ਹੋਰ ਹੋਣ ਦੀ ਉਮੀਦ ਹੈ।