- ਲੋਪੋਂ ਦੇ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਜਾਰੀ ਕਰਨ ਦਾ ਐਲਾਨ
- ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਪੁਰਜ਼ੋਰ ਅਪੀਲ
ਮੋਗਾ, 22 ਅਕਤੂਬਰ : ਸਿੱਖ ਧਰਮ ਦੇ ਮੋਢੀ ਅਤੇ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਗੁਰਬਾਣੀ ਰਾਹੀਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ, ਪ੍ਰੰਤੂ ਅਸੀਂ ਅੱਜ ਅਸੀਂ ਆਪਣੇ ਥੋੜੇ ਜਿਹੇ ਸੁਆਰਥਾਂ ਨੂੰ ਪੂਰਾ ਕਰਨ ਲਈ ਇਨ੍ਹਾ ਤਿੰਨਾਂ ਨੂੰ ਦੂਸਿ਼ਤ ਕਰ ਰਹੇ ਹਾਂ। ਅੱਜ ਲੋੜ ਹੈ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਵਿੱਚ ਸਾਰੇ ਮਨੁੱਖਾਂ ਨੂੰ ਯੋਗਦਾਨ ਪਾਉਣ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਮਲ ਵਿੱਚ ਲਿਆਉਣ ਦੀ। ਜੇਕਰ ਅੱਜ ਦੇ ਮਨੁੱਖ ਨੇ ਇਹ ਤਿੰਨੋਂ ਵੱਡਮੁੱਲੀਆਂ ਦਾਤਾਂ ਦੀ ਸਾਂਭ-ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਸ਼ੁਮਾਰ ਮੁਸ਼ਕਿਲਾਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਮੁਤਾਬਿਕ ਹਵਾ ਨੂੰ ਗੁਰੁੂ ਮੰਨ ਕੇ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੁੰ ਖੇਤਾਂ ਵਿੱਚ ਹੀ ਵਾਹੁਣਾ ਚਾਹੀਦਾ ਹੈ ਤਾਂ ਹੀ ਹਵਾ ਨੂੰ ਦੂਸਿ਼ਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਧਰਤੀ ਨੂੰ ਬਚਾਉਣ ਲਈ ਕੁਦਰਤੀ ਖੇਤੀ ਦੇ ਰਾਹਾਂ ਵੱਲ ਕਿਸਾਨਾਂ ਨੂੰ ਮੁੜਨਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਉਹ ਅੱਜ ਲੋਪੋਂ ਵਿਖੇ ਮਹਾਂਪੁਰਸ਼ ਸ੍ਰੀ ਮਾਨ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ 45ਵੀਂ ਸਲਾਨਾ ਬਰਸੀ ਮੌਕੇ ਵਿਸਸ਼਼ੇ ਤੌਰ ਉੱਪਰ ਪਹੁੰਚੇ ਸਨ। ਲੋਪੋਂ ਦੇ ਵਿਕਾਸ ਲਈ ਮੈਂਬਰ ਪਾਰਲੀਮੈਂਟ ਬਲਬੀਰ ਸਿੰਘ ਨੇ 50 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਨਗਰ ਨਿਵਾਸੀ ਇਸ ਪੈਸੇ ਨੂੰ ਜਿੱਥੇ ਚਹੁਣ ਵਿਕਾਸ ਕਾਰਜਾਂ ਵਿੱਚ ਖਰਚ ਕਰ ਸਕਦੇ ਹਨ। ਉਨ੍ਹਾਂ ਵੱਲੋਂ ਸੰਗਤਾਂ ਨੂੰ ਬੂਟਿਆਂ ਦੀ ਵੰਡ ਵੀ ਕੀਤੀ। ਉਨ੍ਹਾਂ ਆਈ ਸੰਗਤ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣ ਦਾ ਸੰਦੇਸ਼ ਦਿੱਤਾ ਅਤੇ ਤ੍ਰਿਵੈਣੀ ਲਗਾਉਣ ਦੀ ਰੀਤ ਨੁੰ ਅੱਗੇ ਇਸੇ ਤਰ੍ਹਾ ਹੀ ਜਾਰੀ ਰੱਖਣ ਦੀ ਅਪੀਲ ਕੀਤੀ। ਬਰਸੀ ਵਿੱਚ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇ ਵੀ ਹਾਜ਼ਰੀ ਲਗਵਾਈ। ਦਰਬਾਰ ਸੰਪਰਦਾਇ ਲੋਪੋਂ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਬਲਬੀਰ ਸਿੰਘ ਸੀਚੇਵਾਲ ਅਤੇ ਦੂਰੋਂ ਨੇੜਿਉਂ ਆਈ ਸੰਗਤ ਦਾ ਧੰਨਵਾਦ ਕੀਤਾ।