ਫਰੀਦਕੋਟ 27 ਜੁਲਾਈ : ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਤੀਬਾੜੀ ਵਿਭਾਗ ਦੀਆਂ ਪ੍ਰਸਾਰ ਸੇਵਾਵਾਂ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਤਹਿਤ ਪਿੰਡ ਮਰਾੜ੍ਹ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਗੁਰਬਚਨ ਸਿੰਘ ਮਾਨ ਖੇਤੀਬਾੜੀ ਵਿਸਥਾਰ ਅਫਸਰ ਨੇ ਖੇਤੀਬਾੜੀ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋ ਬਿਨਾ ਸਿੱਧਾ ਹੀ ਖੇਤਾਂ ਵਿੱਚ ਮਿਲਾਉਣ ਲਈ ਵੱਖ-ਵੱਖ ਮਸ਼ੀਨਾਂ ਉਪਰ 40 ਪ੍ਰਤੀਸ਼ਤ ਤੋ ਲੈ ਕੇ 80 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਦਾ ਲਾਭ ਲੈਣ ਲਈ agri.machienerypb.com ਤੇ ਜਾ ਕੇ 18 ਅਗਸਤ 2023 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਸਾਉਣੀ ਦੀਆਂ ਫਸਲਾਂ ਦੇ ਮੁੱਖ ਕੀੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਮਧਰੇ ਰੋਗ ਬਾਰੇ ਝੋਨੇ ਦੀ ਰੋਜਾਨਾ ਸਰਵੇਖਣ ਕਰਨ ਲਈ ਕਿਹਾ। ਡਾ. ਦਵਿੰਦਰਪਾਲ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਕਰਵਾਉਣ ਲਈ ਕਿਹਾ ਅਤੇ ਖਾਦਾਂ ਦੀ ਬੇਲੋੜੀ ਵਰਤੋ ਤੋ ਪਰਹੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਕਿਸਾਨ ਸਮਰਿੱਧੀ ਯੋਜਨਾਂ ਦਾ ਲਾਹਾ ਲੈਣ ਲਈ ਈ ਕੇ ਵਾਈ ਸੀ ਕਰਵਾਉਣ ਲਈ ਕਿਹਾ। ਖੇਤੀ ਸਹਿਤ ਕਿਸਾਨਾਂ ਨੂੰ ਮੁਫਤ ਵੰਡਿਆ ਗਿਆ। ਪਸ਼ੂ ਪਾਲਣ ਵਿਭਾਗ ਤੋ ਆਏ ਡਾ. ਨਤਿਨ ਗਾਂਧੀ ਨੇ ਵੈਕੀਨੇਸ਼ਨ ਕੰਪੇਨ ਅਤੇ ਹੋਰ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਪਸ਼ੂਆਂ ਦੀ ਸਿਹਤ-ਸੰਭਾਲ ਸਬੰਧੀ ਅਹਿੰਮ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਸਟੇਜ਼ ਸੈਕਟਰੀ ਦੀ ਭੂਮਿਕਾ ਸਤਵਿੰਦਰ ਸਿੰਘ ਸੰਧੂ ਫੀਲਡ ਵਰਕਰ ਵੱਲੋ ਨਿਭਾਈ ਗਈ।