ਮਲਚਿੰਗ ਤਕਨੀਕ ਅਪਣਾਉਣ ਨਾਲ ਖੇਤੀ ਲਾਗਤ ਖਰਚੇ ਘਟਣ ਦੇ ਨਾਲ ਨਾਲ ਮਿੱਟੀ ਵਿੱਚ ਜੈਵਿਕ ਮਾਦਾ ਵਧਣ ਕਾਰਨ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ:ਗੁਰਮੇਜਰ ਸਿੰਘ

  • ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲਣ ਲਈ ਮਲਚਿੰਗ ਵਾਤਾਵਰਨ ਪੱਖੀ,ਸਸਤੀ ਅਤੇ ਸੌਖੀ ਤਕਨੀਕ : ਮੁੱਖ ਖੇਤੀਬਾੜੀ ਅਫ਼ਸਰ

ਕੋਟਕਪੂਰਾ, 29 ਨਵੰਬਰ 2024 : ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਿਜਾਏ, ਮਲਚਿੰਗ ਤਕਨੀਕ ਨਾਲ  ਕਣਕ ਦੀ ਬਿਜਾਈ ਕਰਨ ਨਾਲ ਖੇਤੀ ਲਾਗਤ ਖਰਚੇ ਘਟਦੇ ਹਨ।ਅਜਿਹਾ ਕਰਨ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ ਉਥੇ ਮਿੱਟੀ ਵਿੱਚ ਜੈਵਿਕ ਮਾਦਾ ਵਧਣ ਕਾਰਨ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਸ਼ਬਦ ਪਿੰਡ ਦਲ ਸਿੰਘ ਵਾਲਾ  ਦੇ ਕਿਸਾਨ ਗੁਰਮੈਜਰ ਸਿੰਘ ਨੇ ਸ਼ਰੈਡਰ ਸੀਡਰ ਦੀ ਵਰਤੋਂ ਨਾਲ ਮਲਚਿੰਗ ਤਕਨੀਕ  ਨਾਲ  ਕੀਤੀ ਕਣਕ ਦੀ ਬਿਜਾਈ ਬਾਰੇ ਗੱਲਬਾਤ ਕਰਦਿਆਂ ਕਹੇ। ਗੁਰਮੇਜਰ ਸਿੰਘ ਦੀ ਹੌਂਸਲਾ ਅਫਜ਼ਾਈ ਕਰਨ ਅਤੇ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਅਤੇ  ਡਾਕਟਰ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ  ਅਫ਼ਸਰ  ਵਿਸ਼ੇਸ਼ ਤੌਰ ਤੇ ਪਹੁੰਚੇ। ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿਚ ਕਿਸਾਨਾਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਪਰਾਲੀ ਨੁੰ ਅੱਗ ਲੱਗਣ ਦੀਆਂ ਘਟਨਾਵਾਂ ਘੱਟ ਕਰਨ ਵਿਚ ਕਾਮਯਾਬੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮਲਚਿੰਗ ਤਕਨੀਕ ਅਜਿਹੀ ਤਕਨੀਕ ਹੈ ਜਿਸ ਨਾਲ ਖੇਤ ਵਿੱਚੋਂ ਝੋਨੇ ਦੀ ਪਰਾਲੀ ਨੂੰ ਹਟਾਏ ਬਗੈਰ ਸਮੇਂ ਸਿਰ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਇਹ ਤਕਨੀਕ ਕਣਕ ਦੀ ਬਿਜਾਈ ਦੀ ਸਸਤੀ ਅਤੇ ਬੇਹਤਰ  ਤਕਨੀਕ ਹੈ ਜਿਸ ਵਿਚ ਜਿਆਦਾ ਮਹਿੰਗੀਆਂ ਅਤੇ ਭਾਰੀਆਂ ਮਸ਼ੀਨਾਂ ਦੀ ਲੋੜ ਨਹੀਂ ਪੈਂਦੀ । ਇਸ ਤਕਨੀਕ ਨਾਲ ਬਿਜਾਈ ਉਪਰੰਤ ਖੇਤ ਵਿੱਚ ਫਸਲੀ ਰਹਿੰਦ ਖੂੰਹਦ ਪਈ ਹੋਣ ਕਰਕੇ ਨਦੀਨ ਵੀ ਬਹੁਤ ਘੱਟ ਉੱਗਦੇ ਹਨ।ਨਦੀਨ ਘੱਟ ਉੱਗਣ ਕਾਰਨ ਨਦੀਨਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਵੀ ਨਹੀਂ ਰਹਿੰਦੀ। ਕਿਸਾਨ ਗੂਰਮੇਜਰ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਪਿਛਲੇ ਤੇਰਾਂ ਸਾਲ ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਸੰਭਾਲ ਕੇ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ  ਜਾ ਰਹੀ ਹੈ ਅਤੇ ਕਦੇ ਵੀ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਦੱਸਿਆ ਕਿ ਦੋ ਸਾਲ ਤੋਂ ਸ਼ਰੇਡਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ ਜਿਸ ਦੇ ਬਹੁਤ ਵਧੀਆ ਨਤੀਜੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ  ਬਿਜਾਈ ਕਰਨ ਨਾਲ ਕਦੇ ਵੀ ਕਿਸੇ ਕੀੜੇ ਨੇ ਕੋਈ ਨੁਕਸਾਨ ਨਹੀਂ ਕੀਤਾ ਸਗੋਂ  ਜੇਕਰ ਕੀਤੇ ਗੁਲਾਬੀ ਆ ਵੀ ਜਾਵੇ ਤਾਂ ਉਹ ਫ਼ਸਲ ਦਾ ਫਾਇਦਾ ਹੀ ਕਰਦੀ ਹੈ ਕਿਉਂਕਿ ਜਿਸ ਬੂਟੇ ਦੀ ਮੁੱਖ ਸ਼ਾਖਾ ਕੱਟੀ ਜਾਂਦੀ ਹੈ ਉਹ ਕਣਕ ਦਾ ਬੂਟਾ ਵਧੇਰੇ ਸ਼ਾਖਾਵਾਂ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੁਪਰ ਐਸ ਐਮ ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਸ਼ਰੈਡਰ ਸੀਡਰ ਨਾਮਕ ਮਸ਼ੀਨ ਨਾਲ 40 ਕਣਕ ਦਾ ਬੀਜ ਅਤੇ ਡਾਇਆ ਖਾਦ  ਖੇਤ ਵਿਚ ਕੇਰ ਦਿੰਦੀ ਹੈ । ਉਨ੍ਹਾਂ ਦੱਸਿਆ ਕਿ ਜੇਕਰ ਖੇਤ ਵਿੱਚ ਵੱਤਰ ਜ਼ਿਆਦਾ ਹੈ ਤਾਂ ਪਾਣੀ ਲਗਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਰਾਤ ਨੂੰ ਤਰੇਲ ਪੈਣ ਨਾਲ ਬੀਜ ਉੱਪਰ ਪਈ ਪਰਾਲੀ ਵਿੱਚ ਕਾਫੀ ਨਮੀ ਹੋ ਜਾਂਦੀ ਹੈ ਜੋ ਬੀਜ ਨੂੰ ਉੱਗਣ ਵਿੱਚ ਸਹਾਈ ਹੁੰਦੀ ਹੈ ਅਤੇ ਜੇਕਰ ਵੱਤਰ ਨਹੀਂ ਤਾਂ ਕਣਕ ਦੀ ਬਿਜਾਈ ਕਰਨ ਉਪਰੰਤ ਪਾਣੀ ਲਗਾ ਦਿੱਤਾ ਜਾਂਦਾ ਹੈ ,ਇਸ ਨਾਲ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ। ਉਨ੍ਹਾਂ ਕਿਹਾ ਕਿ  ਇਸ ਮਸ਼ੀਨ ਨਾਲ 700-800 ਰੁਪਏ ਵਿੱਚ ਇੱਕ ਏਕੜ  ਦੀ ਬਿਜਾਈ ਕੀਤੀ ਜਾ ਸਕਦੀ ਹੈ  ਅਤੇ 45-50 ਮਿੰਟ ਵਿੱਚ ਇੱਕ ਏਕੜ ਦੀ ਬਿਜਾਈ ਕਰ ਦਿੰਦੀ ਹੈ ।ਉਨਾਂ ਦੱਸਿਆ ਕਿ ਇਸ ਤਕਨੀਕ ਨਾਲ 14-16 ਏਕੜ ਇੱਕ ਦਿਨ ਵਿੱਚ ਬੀਜੇ ਜਾ ਸਕਦੇ ਹਨ। ਡਾ.ਗੁਰਪ੍ਰੀਤ ਸਿੰਘ ਇਸ ਤਕਨੀਕ ਦੀ ਕਾਰਗੁਜ਼ਾਰੀ ਵੇਖਦਿਆਂ ਕਿਹਾ ਕਿ ਇਸ  ਤਕਨੀਕ ਨਾਲ ਕਣਕ ਦੀ ਬਿਜਾਈ ਕਰਕੇ ਪਰਾਲੀ ਦਾ ਪ੍ਰਬੰਧਨ ਬੇਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਇਹ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾਂਭਣ ਦਾ ਸੌਖਾ ਅਤੇ ਸਸਤਾ ਤਰੀਕਾ ਹੈ ਜਿਸ ਨਾਲ  ਝੋਨੇ ਦੀ ਕਟਾਈ ਤੋਂ ਅਗਲੇ ਹੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।