
- ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਰੋਕਣ ਲਈ ਅਗਾਊਂ ਪ੍ਰਬੰਧਾਂ ਹਿੱਤ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਸ੍ਰੀ ਮੁਕਤਸਰ ਸਾਹਿਬ 11 ਮਾਰਚ 2025 : ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਨਰਮੇ ਹੇਠ ਰਕਬਾ ਵਧਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਨਰਮੇ ਦੀ ਫਸਲ ਤੇ ਹਮਲਾ ਕਰਨ ਵਾਲੇ ਚਿੱਟੀ ਮੱਖੀ ਅਤੇ ਗੁਲਾਬੀ ਸੂੰਡੀ ਜਿਹੇ ਕੀਟਾਂ ਦੀ ਅਗਾਊ ਰੋਕਥਾਮ ਲਈ ਵਿਉਂਤਬੰਦੀ ਲਈ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਿਲਿਸ਼ ਆਈ ਏਐਸ ਨੇ ਅੱਜ ਇੱਥੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਨਿਰਦੇਸ਼ ਦਿੱਤੇ ਕਿ ਖੇਤਾਂ ਅਤੇ ਖੇਤਾਂ ਦੇ ਆਲੇ ਦੁਆਲੇ ਦੀਆਂ ਸਰਕਾਰੀ ਥਾਵਾਂ ਤੇ ਉੱਗੇ ਵੱਖ—ਵੱਖ ਨਦੀਨਾਂ ਨੂੰ ਨਸ਼ਟ ਕੀਤਾ ਜਾਵੇ ਕਿਉਂਕਿ ਇਹਨਾਂ ਨਦੀਨਾ ਤੇ ਹੀ ਇਸ ਸਮੇਂ ਚਿੱਟੀ ਮੱਖੀ ਦੇ ਨਿੰਫ ਅਤੇ ਬਾਲਗ ਪਣਪ ਰਹੇ ਹਨ ਜੋ ਕਿ ਬਾਅਦ ਵਿੱਚ ਨਰਮੇ ਦੀ ਫਸਲ ਆਉਣ ਤੇ ਉਸ ਤੇ ਹਮਲਾ ਕਰ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਅਤੇ ਆਲੇ ਦੁਆਲੇ ਉੱਗੇ ਇਹਨਾਂ ਨਦੀਨਾਂ ਨੂੰ ਨਸ਼ਟ ਕਰ ਦੇਣ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਹਫਤਾਵਾਰੀ ਰਿਪੋਰਟ ਭੇਜੀ ਜਾਵੇ। ਡਿਪਟੀ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਫਸਲੀ ਭਿੰਨਤਾ ਪ੍ਰੋਗਰਾਮ ਤਹਿਤ ਨਰਮਾ ਇੱਕ ਮਹੱਤਵਪੂਰਨ ਫਸਲ ਹੈ ਅਤੇ ਨਰਮੇ ਹੇਠ ਇਸ ਵਾਰ ਰਕਬਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਨਰਮੇ ਦੇ ਝਾੜ ਵਿੱਚ ਵਾਧਾ ਹੋਇਆ ਸੀ। ਪਿਛਲੇ ਸਾਲ (ਸਾਲ 2024)ਜਿਲੇ ਵਿੱਚ ਨਰਮੇ ਦੀ ਝਾੜ ਦੀ ਔਸਤ 1345 ਕਿਲੋ ਪ੍ਰਤੀ ਹੈਕਟੇਅਰ ਰਹੀ ਸੀ ਜਦ ਕੋਈ ਉਸ ਤੋਂ ਪਿਛਲੇ ਸਾਲ (ਸਾਲ 2023)ਇਹ ਔਸਤ 1156 ਕਿਲੋ ਪ੍ਰਤੀ ਹੈਕਟੇਅਰ ਸੀ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸਾਰੇ ਵਿਭਾਗ ਇਸ ਮੁਹਿੰਮ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਣ। ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਰਮਾ ਇੱਕ ਬਿਹਤਰ ਵਿਕਲਪ ਹੈ ਅਤੇ ਇਸ ਦੀ ਕਾਸ਼ਤ ਹੇਠ ਰਕਬਾ ਵਧਾਇਆ ਜਾਵੇ।
ਜਿਨਾਂ ਨਦੀਨਾ ਤੇ ਚਿੱਟੀ ਮੱਖੀ ਪਲਦੀ ਹੈ।
ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ ਨੇ ਦੱਸਿਆ ਕਿ ਚਿੱਟੀ ਮੱਖੀ ਨਰਮੇ ਤੋਂ ਇਲਾਵਾ ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਦੋਧਕ, ਮਿਲਕ ਵੀਡ , ਬਾਥੂ, ਕੰਘੀ ਬੂਟੀ, ਚਲਾਈ, ਗੁਤ ਪੁੱਟਣਾ, ਭੰਬੋਲਾ, ਤਾਂਦਲਾ ਗੁਲਾਬੀ, ਹੁਲਹੁਲ, ਇੱਟ ਸਿੱਟ ਗਾਜਰ ਘਾਹ ਅਤੇ ਭੰਗ ਦੇ ਬੂਟਿਆਂ ਤੇ ਪਲ ਸਕਦੀ ਹੈ। ਇਸ ਲਈ ਅਜਿਹੇ ਨਦੀਨ ਜੇਕਰ ਖੇਤਾਂ ਦੁਆਲੇ ਜਾਂ ਕਿਤੇ ਵੀ ਹੋਣ ਤਾਂ ਇਹਨਾਂ ਨੂੰ ਨਸ਼ਟ ਕੀਤਾ ਜਾਵੇ ।
ਬੋਕਸ ਲਈ ਪ੍ਰਸਤਾਵਿਤ
ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸਨ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ
ਡਿਪਟੀ ਕਮਿਸ਼ਨਰ ਸ੍ਰੀ ਅਬੀਜੀਤ ਕਪਲਿਸ਼ ਨੇ ਇੱਕ ਵੱਖਰੀ ਮੀਟਿੰਗ ਕਰਕੇ ਜਿਲੇ ਵਿੱਚ ਪਰਾਲੀ ਪ੍ਰਬੰਧਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਇਸ ਸਾਲ ਪਿੰਡ ਪੱਧਰ ਤੇ ਲਗਾਏ ਜਾਣ ਵਾਲੇ ਨੋਡਲ ਅਫਸਰਾਂ ਦੀ ਕਿਸਾਨਾਂ ਦੇ ਨਾਲ ਵੀ ਮੈਪਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਅਤੇ ਨੋਡਲ ਅਫਸਰਾਂ ਵਿਚਕਾਰ ਬਿਹਤਰ ਤਾਲਮੇਲ ਹੋ ਸਕੇ ਅਤੇ ਪਰਾਲੀ ਸਾੜਨ ਦੀ ਮਾੜੀ ਪ੍ਰਥਾ ਨੂੰ ਪੂਰੀ ਤਰ੍ਹਾਂਂ ਬੰਦ ਕੀਤਾ ਜਾ ਸਕੇ। ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹੁਣੇ ਤੋਂ ਹੀ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਝੋਨੇ ਦੀ ਕਾਸਤ ਦੀਆਂ ਸੁਧਰੀਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ। ਇਸ ਤੋਂ ਬਿਨਾਂ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਜਿਵੇਂ ਨਰਮੇ ਦੀ ਕਾਸ਼ਤ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇ।।
ਬੋਕਸ ਲਈ ਪ੍ਰਸਤਾਵਿਤ
ਇਹ ਰਹੇ ਹਾਜ਼ਰ
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਢਿੱਲੋ, ਐਸਡੀਐਮ ਸੰਜੀਵ ਕੁਮਾਰ ਅਤੇ ਬਲਜੀਤ ਕੌਰ, ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ, ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ ਕੁੰਡਲ,
ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਜਸਪਾਲ ਸਿੰਘ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।