- ਸਮੂਹ ਕੰਬਾਇਨ ਆਪ੍ਰੇਟਰਾਂ ਨੂੰ ਸੁਪਰ ਐਸਐਮਐਸ ਲਗਾਉਣ ਦੀ ਅਪੀਲ
ਫਾਜਿ਼ਲਕਾ, 22 ਸਤੰਬਰ : ਫਾਜਿਲ਼ਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਕੋਈ ਵੀ ਕੰਬਾਇਨ ਹਾਰਵੈਸਟਰ ਬਿਨ੍ਹਾਂ ਸੁਪਰ ਐਸਐਮਐਸ ਤੋਂ ਝੋਨੇ ਦੀ ਕਟਾਈ ਨਹੀਂ ਕਰ ਸਕਦਾ ਹੈ। ਇਸ ਲਈ ਵਾਢੀ ਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕੰਬਾਇਨ ਆਪ੍ਰੇਟਰ ਸੁਪਰ ਐਸਐਮਐਸ ਲਗਾ ਲੈਣ। ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਕੰਬਾਇਨਾਂ ਤੇ ਸੁਪਰ ਐਸਐਮਐਸ ਲਗਾਉਣ ਲਈ ਮੰਗ ਅਨੁਸਾਰ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰ ਐਸਐਮਐਸ ਨਾਲ ਝੋਨੇ ਦੀ ਵਾਢੀ ਕਰਨ ਤੋਂ ਬਾਅਦ ਇਸ ਖੇਤ ਵਿਚ ਆਸਾਨੀ ਨਾਲ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਊਣੀ ਪੈਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਵਾਢੀ ਐਸਐਮਐਸ ਲੱਗੀ ਕੰਬਾਇਨ ਰਾਹੀਂ ਹੀ ਕਰਵਾਉਣ। ਓਧਰ ਪੰਜਾਬ ਪ੍ਰਦੁਸ਼ਨ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਦਲਜੀਤ ਸਿੰਘ ਨੇ ਦੱਸਿਆ ਕਿ ਜ਼ੇਕਰ ਕੋਈ ਕੰਬਾਇਨ ਬਿਨ੍ਹਾਂ ਸੁਪਰ ਐਸਐਮਐਸ ਦੇ ਝੋਨਾ ਵੱਢਦੀ ਪਾਈ ਜਾਂਦੀ ਹੈ ਤਾਂ ਉਸਨੂੰ ਪਹਿਲੀ ਵਾਰ ਫੜੇ ਜਾਣ ਤੇ 50 ਹਜਾਰ, ਦੂਜੀ ਵਾਰ ਫੜੇ ਜਾਣ ਤੇ 75 ਹਜਾਰ ਤੇ ਤੀਜੀ ਵਾਰ ਫੜੇ ਜਾਣ ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲੱਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਚਲਾਨ ਐਸਡੀਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਮੁੱਖ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਵੀ ਕਰ ਸਕਦਾ ਹੈ।