ਫਰੀਦਕੋਟ 26 ਸਤੰਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸਹਿਕਾਰਤਾ ਵਿਭਾਗ, ਪੁਲਿਸ ਵਿਭਾਗ ਅਤੇ ਹੋਰ ਵਿਭਾਗਾਂ ਦੀ ਪਰਾਲੀ ਪ੍ਰਬੰਧਨ ਦੀ ਤਿਆਰੀ ਦਾ ਜਾਇਜ਼ਾ ਲੈਣ ਸਬੰਧੀ ਅਸ਼ੋਕ ਚੱਕਰ ਹਾਲ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਕਰਨ ਲਈ ਕੰਮ ਆਉਣ ਵਾਲੀਆਂ ਮਸ਼ੀਨਾਂ ਦੀ ਨਿਰਵਘਨ ਵਰਤੋਂ ਲਈ ਕੰਬਾਇਨਾਂ ਉੱਤੇ ਸੁਪਰ ਐਸ.ਐਮ.ਐਸ ਜਰੂਰੀ ਕਰਨਾ ਅਹਿਮ ਮੁੱਦਾ ਰਿਹਾ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸਬਸਿਡੀ ਤੇ ਲਈ ਹੋਈ ਮਸ਼ੀਨਰੀ ਕਿਰਾਏ ਤੇ ਦੇਣ ਤੋਂ ਕੋਈ ਵੀ ਕਿਸਾਨ ਨਾਂਹ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਾਲ ਸਖਤੀ ਨਾਲ ਪੇਸ਼ ਆਵੇਗਾ। ਉਨ੍ਹਾਂ ਕਿਹਾ ਕਿ ਵੱਡੇ ਕੰਬਾਇਨ ਚਾਲਕਾਂ ਤੋਂ ਸੀਜ਼ਨ ਦੇ ਅਖੀਰ ਤੇ ਐਸ.ਐਮ.ਐਸ ਨਾਲ ਵੱਢੀ ਫਸਲ ਦੇ ਰਕਬੇ ਦਾ ਵੇਰਵਾ ਵੀ ਲਿਆ ਜਾਵੇਗਾ ਜਦਕਿ ਛੋਟੀਆਂ ਕੰਬਾਇਨਾਂ ਬੇਲਰ ਵਾਲੇ ਖੇਤਾਂ ਵਿੱਚ ਚੱਲ ਸਕਣਗੀਆਂ। ਇਸ ਤੋਂ ਇਲਾਵਾ ਸਾਰੇ ਵਿਭਾਗਾਂ ਦੀ ਪਰਾਲੀ ਦੀ ਸਾਂਭ ਸੰਭਾਲ ਵਿੱਚ ਭੂਮਿਕਾ ਅਤੇ ਉਹਨਾਂ ਦੀ ਆਉਣ ਵਾਲੇ ਦਿਨਾਂ ਵਿੱਚ ਕੰਮਾਂ ਦੀ ਰੂਪ ਰੇਖਾ ਨੂੰ ਵਿਚਾਰਿਆ ਗਿਆ।