ਗਲਾਡਾ ਵੱਲੋਂ ਮਿਸਿੰਗ ਲਿੰਕ ਰੋਡ ਦੇ ਨਾਜਾਇਜ਼ ਕਬਜਿਆਂ 'ਤੇ ਕਾਰਵਾਈ

  • ਢੰਡਾਰੀ ਕਲਾਂ 'ਚ ਐਚ.ਆਈ.ਜੀ. ਮਕਾਨ ਵੀ ਕਰਵਾਇਆ ਖਾਲੀ

ਲੁਧਿਆਣਾ, 19 ਫਰਵਰੀ 2025 : ਮੁੱਖ ਪ੍ਰਸ਼ਾਸ਼ਕ ਗਲਾਡਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵੱਡੀ ਕਾਰਵਾਈ ਕਰਦਿਆਂ ਗਲਾਡਾ ਟੀਮ ਵੱਲੋਂ ਢੰਡਾਰੀ ਕਲਾਂ ਵਿਖੇ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਇਆ ਗਿਆ। ਮੁੱਖ ਪ੍ਰਸ਼ਾਸ਼ਕ ਗਲਾਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਸਿੰਗ ਲਿੰਕ-2 ਰੋਡ ਫਿਰੋਜਪੁਰ ਰੋਡ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਨੂੰ ਜੋੜਨ ਵਾਲੀ ਸੜ੍ਹਕ ਦੀ ਉਸਾਰੀ ਜਿਸਦੀ ਲੰਬਾਈ ਕਰੀਬ 10 ਕਿਲੋਮੀਟਰ ਹੈ, 'ਤੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਜਨਤਾ ਦੀ ਸਹੂਲਤ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮਿਸਿੰਗ ਲਿੰਕ-2 ਰੋਡ (ਫਿਰੋਜਪੁਰ ਰੋਡ ਤੋਂ ਮਲੇਰਕੋਟਲਾ ਰੋਡ) ਤੱਕ ਦੀ ਉਸਾਰੀ ਕੀਤੀ ਜਾਣੀ ਹੈ। ਗਲਾਡਾ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਪੁਲਿਸ ਸਹਾਇਤਾ ਦੇ ਨਾਲ ਨਾਜਾਇਜ ਕਬਜ਼ੇ ਖਾਲੀ ਕਰਵਾਏ ਗਏ ਹਨ। ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਮਲੇਰਕੋਟਲਾ ਰੋਡ ਤੱਕ ਸੜਕ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਰੇਲਵੇ ਬ੍ਰਿਜ ਦਾ ਕੰਮ ਵੀ ਰੇਲਵੇ ਵਿਭਾਗ ਵੱਲੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ, ਉਪਰੰਤ ਇਹ ਸੜਕ ਆਵਾਜਾਈ ਲਈ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਢੰਡਾਰੀ ਕਲਾਂ ਵਿਖੇ ਐਚ.ਆਈ.ਜੀ. ਮਕਾਨ ਨੂੰ ਵੀ ਨਾਜਾਇਜ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਸਬੰਧੀ ਅਸਟੇਟ ਅਫ਼ਸਰ ਅਮਨ ਗੁਪਤਾ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੁੱਖ ਪ੍ਰਸਾਸਕ ਗਲਾਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੁਨਿਸਚਿਤ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਅਜਿਹੇ ਕਬਜੇ ਨਾਂ ਕੀਤੇ ਜਾ ਸਕਣ। ਇਸ ਮੋਕੇ ਸ੍ਰੀ ਸੂਰਜ ਮੰਨਚੰਦਾ, ਐਸ.ਡੀ.ਈ., ਸ੍ਰੀ ਵਰਿੰਦਰ ਸਿੰਘ, ਜੂਨੀਅਰ ਇੰਜੀਨੀਅਰ ਅਤੇ ਗਲਾਡਾ ਦੇ ਹੋਰ ਅਧਿਕਾਰੀ ਵੀ ਮੋਜੂਦ ਸਨ।