
- 'ਆਪ' ਸਰਕਾਰ ਸੰਵਿਧਾਨ ਵਿੱਚ ਪਹਿਲਾ ਫਰਜ਼ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਵੀ ਪੂਰਾ ਨਹੀਂ ਕਰ ਸਕੀ, ਇਸ ਤੋਂ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ..?
ਲੁਧਿਆਣਾ 14 ਫਰਵਰੀ 2025 : ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ (ਓ.ਬੀ.ਸੀ.) ਵਿਭਾਗ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਕਿਹਾ ਕਿ 'ਆਪ' ਪਾਰਟੀ ਦੀ ਸਰਕਾਰ ਦੀਆਂ ਪੰਜਾਬ ਵਿਚ ਕੀਤੀਆਂ ਨਲਾਇਕੀਆਂ ਨੇ ਦਿੱਲੀ ਹਰਾਈ ਹੈ ਜਦਕਿ ਦਿੱਲੀ ਦੇ ਵੱਡੇ ਨੇਤਾ ਹਵਾਈ ਨਾਰੇ, ਲਾਰੇ, ਗਰੰਟੀਆਂ ਦੇ ਸਿਰ 'ਤੇ ਚੋਣਾਂ ਜਿੱਤਣਾ ਚਾਹੁੰਦੇ ਹਨ। ਦਿੱਲੀ ਦੇ ਸੂਝਵਾਨ, ਦੂਰਅੰਦੇਸ਼ ਸੋਚ ਦੇ ਵੋਟਰਾਂ ਨੇ ਉਹਨਾਂ 'ਤੇ ਭਰੋਸਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਤਾਂ 'ਆਪ' ਦੇ ਵਿਧਾਇਕ ਵੀ ਸਭ ਮੰਨ ਰਹੇ ਹਨ।ਬਾਵਾ ਨੇ ਕਾਂਗਰਸ ਦੀ ਹਾਰ ਬਾਰੇ ਕਿਹਾ ਕਿ ਡਾ. ਮਨਮੋਹਨ ਸਿੰਘ ਅਤੇ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੇ ਮੁੱਖ ਮੰਤਰੀ ਹੁੰਦੇ ਹੋਏ ਦਿੱਲੀ ਦੀ ਕਾਇਆ ਪਲਟੀ ਪਰ ਕਾਂਗਰਸ ਦੇ ਵਰਕਰ ਅਤੇ ਨੇਤਾ ਰਣਨੀਤੀ ਬਣਾ ਕੇ ਦਿੱਲੀ ਦੇ ਵੋਟਰਾਂ ਤੱਕ ਸਹੀ ਪਹੁੰਚ ਨਹੀਂ ਕਰ ਸਕੇ। ਕਿਧਰੇ ਵੀ ਡਾ. ਮਨਮੋਹਨ ਸਿੰਘ ਅਤੇ ਸ਼ੀਲਾ ਦੀਕਸ਼ਿਤ ਦੀ ਫੋਟੋ ਬੋਰਡਾਂ 'ਤੇ ਦਿਖਾਈ ਨਹੀਂ ਦਿੰਦੀ ਸੀ। ਚਾਹੀਦਾ ਸੀ ਉਸ ਸਮੇਂ ਕੀਤੇ ਕੰਮਾਂ ਦੇ ਬੋਰਡ ਦਿੱਲੀ ਵਿੱਚ ਲਗਾਏ ਜਾਂਦੇ ਅਤੇ ਜਨਤਾ ਨੂੰ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਜਾਂਦਾ। ਹੁਣ ਵੀ ਲੋਕਾਂ ਵਿੱਚ ਜਾ ਕੇ ਕੰਮ ਕਰਨ ਦੀ ਲੋੜ ਹੈ। ਸਾਡੇ ਲੋਕਾਂ ਦਾ ਤਾਂ ਉਹ ਕੰਮ ਹੁੰਦਾ ਹੈ ਕਿ
"ਵਿਹੜੇ ਆਈ ਜੰਝ੍ਹ, ਵਿਨੋ ਕੁੜੀ ਦੇ ਕੰਨ"
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗੌਰਵਮਈ ਇਤਿਹਾਸ ਦੀ ਮਾਲਕ ਹੈ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਦੇ ਕੀਤੇ ਕੰਮ ਹੀ ਭਾਰਤ ਦਾ ਮਜਬੂਤ ਆਧਾਰ ਹਨ। ਹੁਣ ਲੋੜ ਹੈ ਪਾਰਟੀ ਦੀ ਵਿਚਾਰਧਾਰਾ 'ਤੇ ਪਹਿਰਾ ਦੇਣ ਦੀ। ਆਇਆ ਰਾਮ ਅਤੇ ਗਿਆ ਰਾਮ ਦੀ ਸਿਆਸਤ ਜਿਸ ਵਿੱਚ ਸਿਰਫ ਦੁੱਧ ਪੀਣੇ ਮਜਨੂੰ ਹਨ, ਉਹਨਾਂ ਦੇ ਸਿਰ 'ਤੇ ਪਾਰਟੀ ਮਜਬੂਤ ਨਹੀਂ ਹੋ ਸਕਦੀ। ਲੋੜ ਹੈ ਦੇਸ਼ ਭਗਤ ਪਰਿਵਾਰਾਂ ਪੁਰਾਣੇ ਕਾਂਗਰਸ ਪਾਰਟੀ ਦੇ ਵਰਕਰਾਂ, ਅੱਤਵਾਦ ਸਮੇਂ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਦਾ ਸਤਿਕਾਰ ਕਰੀਏ। ਜੇਕਰ ਹਾਰੇ ਹਾਂ ਤਾਂ ਹਾਰ ਬਾਰੇ ਡੂੰਘਾਈ ਨਾਲ ਵਿਚਾਰਾਂ ਹੋਣ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਬਿਹਤਰ ਬਣਾਉਣ ਲਈ ਠੋਸ ਫੈਸਲੇ ਲਏ ਜਾਣ। ਇਹ ਸੋਚਣ, ਸਮਝਣ, ਵਿਚਾਰਨ ਅਤੇ ਅਮਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਨੇਤਾ ਵੀ ਸਿਰ ਜੋੜ ਕੇ ਕੰਮ ਕਰਨ ਤਦ ਹੀ ਅਸੀਂ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲਿਆ ਸਕਾਂਗੇ। ਅਖੀਰ ਵਿੱਚ ਬਾਵਾ ਨੇ ਕਿਹਾ ਕਿ 'ਆਪ' ਪਾਰਟੀ ਤਾਂ ਸੰਵਿਧਾਨ ਵਿੱਚ ਪਹਿਲਾ ਫਰਜ਼ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਵੀ ਪੂਰਾ ਨਹੀਂ ਕਰ ਸਕੀ। ਇਸ ਤੋਂ ਵਿਕਾਸ ਦੀ ਕੀ ਆਸ ਕੀਤੀ ਜਾ ਸਕਦੀ ਹੈ..?