ਲੁਧਿਆਣਾ, 1 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ 37ਵਾਂ ਅੰਤਰ-ਵਰਸਿਟੀ ਰਾਸ਼ਟਰੀ ਯੁਵਕ ਮੇਲਾ ਪੂਰੇ ਜਾਹੋ-ਜਲਾਲ ਨਾਲ ਚੌਥੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਯੂਨੀਵਰਸਿਟੀ ਦੇ ਪ੍ਰਮੁੱਖ ਸਥਾਨਾਂ ਤੇ ਅੱਜ ਵਿਦਆਰਥੀਆਂ ਨੇ ਲੋਕ ਨਾਚ/ਕਬੀਲਾ ਨਾਚ, ਨਕਲਾਂ, ਸਕਿੱਟ, ਮਾਈਮ, ਸਮੂਹ ਗਾਇਣ ਪੱਛਮੀ, ਕਵਿਜ਼ (ਅੰਤਿਮ), ਕਲਾਸੀਕਲ ਇੰਸਟਰੂਮੈਂਟਲ ਸੋਲੋ, ਪੱਛਮੀ ਇੰਸਟਰੂਮੈਂਟਲ (ਸੋਲੋ), ਸਪਾਟ ਪੇਂਟਿੰਗ, ਫੋਟੋਗ੍ਰਾਫੀ ਅਤੇ ਇੰਟਾਲੇਸ਼ਨ ਮੁਕਾਬਲਿਆਂ ਵਿਚ ਸ਼ਿਰਕਤ ਕੀਤੀ ਡਾ. ਏ. ਐੱਸ. ਖਹਿਰਾ ਓਪਨ ਏਅਰ ਥੀਏਟਰ ਵਿਖੇ ਵੱਖੋ-ਵੱਖ ਸਭਿਆਚਾਰਾਂ ਦੇ ਰਾਜਦੂਤ ਬਣਕੇ ਆਏ ਵਿਦਿਆਰਥੀਆਂ ਨੇ ਲੋਕ ਨਾਚਾਂ/ ਕਬੀਲਿਆਂ ਦੇ ਨਾਚਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਅੱਜ ਦੇ ਸਮਾਰੋਹਾਂ ਵਿਚ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਅਤੇ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ ਏ ਯੂ ਨੇ ਕੀਤੀ। ਇਸ ਮੌਕੇ ਡਾ. ਧਰਮ ਸਿੰਘ ਸੰਧੂ , ਮੈਂਬਰ, ਐਜੂਕੇਸ਼ਨਲ ਟ੍ਰਿਿਬਊਨਲ, ਪੰਜਾਬ ਸਰਕਾਰ; ਡਾ. ਜਗਬੀਰ ਸਿੰਘ ਚੀਮਾ, ਵਾਈਸ ਚਾਂਸਲਰ, ਸਪੋਰਟਸ ਯੂਨੀਵਰਸਿਟੀ, ਪਟਿਆਲਾ ; ਡਾ. ਬਲਦੇਵ ਸਿੰਘ ਔਲਖ, ਪ੍ਰਬੰਧਕੀ ਨਿਰਦੇਸ਼ਕ, ਆਕਾਈ ਹਸਪਤਾਲ, ਲੁਧਿਆਣਾ ; ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਅਮਨਪ੍ਰੀਤ ਸਿੰਘ ਬਰਾੜ ਅਤੇ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਤੋਂ ਇਲਾਵਾ ਡਾ. ਰਿਸ਼ੀਪਾਲ ਸਿੰਘ, ਆਈ. ਏ. ਐੱਸ, ਰਜਿਸਟਰਾਰ ਅਤੇ ਪੀ ਏ ਯੂ ਅਤੇ ਸਮੂਹ ਡੀਨਜ਼, ਡਾਇਰੈਕਟਰਜ਼ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਲੋਕ ਨਾਚਾਂ ਨੂੰ ਸਭਿਆਚਾਰ ਦਾ ਅਟੁੱਟ ਅੰਗ ਮੰਨਦਿਆਂ ਡਾ. ਪਾਤਰ ਨੇ ਕਿਹਾ ਕਿ ਇਹ ਸਾਡੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਬਣਦੇ ਹਨ। ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕ-ਨਾਚਾਂ ਦੀ ਵਿਲੱਖਣਤਾ ਤੇ ਚਾਣਨਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕ ਸਾਹਿਤ ਤੋਂ ਸਾਨੂੰ ਉਥੋਂ ਦੀਆਂ ਮਹਾਨ ਪ੍ਰੰਪਰਾਵਾਂ ਅਤੇ ਜੀਵਨ ਸ਼ੈਲੀ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ ਉਸੇ ਤਰ੍ਹਾਂ ਲੋਕ-ਨਾਚਾਂ ਦੀਆਂ ਵੱਖ-ਵੱਖ ਮੁਦਰਾਵਾਂ ਤੋਂ ਸਾਨੂੰ ਉਨ੍ਹਾਂ ਦੇ ਸਮੁੱਚੇ ਹਾਵਾਂ-ਭਾਵਾਂ ਅਤੇ ਉਨ੍ਹਾਂ ਦੇ ਪਿੱੱਛੇ ਧੜਕਦੀ ਖੂਬਸੂਰਤ ਜ਼ਿੰਦਗੀ ਦਾ ਪਤਾ ਚਲਦਾ ਹੈ। ਪੀ ਏ ਯੂ ਵਲੋਂ ਕਰਵਾਏ ਜਾ ਰਹੇ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸ਼ਮੂਲੀਅਤ ਤੇ ਮੁਬਾਰਕਬਾਦ ਦਿੰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲਿਆਂ ਰਾਹੀਂ ਜਿਥੇ ਖੇਤੀ ਸਭਿਆਚਾਰ ਦੇ ਪਸਾਰ ਨਾਲ ਸਮੁੱਚੇ ਦੇਸ਼ ਦੀਆਂ ਖੇਤੀ ਤਕਨੀਕਾਂ ਨੂੰ ਨਵੇਂ ਦਿਸ਼ਾ ਨਿਰਦੇਸ਼ ਦੇ ਰਹੀ ਹੈ ਉਥੇ ਯੁਵਕ ਮੇਲੇ ਦਾ ਆਯੋਜਨ ਕਰਕੇ ਵੱਖੋ-ਵੱਖਰੇ ਸਭਿਆਚਾਰਾਂ ਵਿਚਲੇ ਹੁਨਰਾਂ ਨੂੰ ਇਕਤਰ ਕਰਨ ਦਾ ਮਹਾਨ ਉਪਰਾਲਾ ਵੀ ਕਰ ਰਹੀ ਹੈ। ਵੱਖੋ-ਵਖਰੇ ਲੋਕ ਸਾਜ਼ਾਂ ਦੀ ਧੁਨ ਤੇ ਰੰਗ-ਬਰੰਗੀਆਂ ਪੁਸ਼ਾਕਾਂ ਪਾ ਕੇ ਲੋਕ-ਨਾਚਾਂ ਰਾਹੀਂ ਆਪੋ-ਆਪਣੇ ਸਭਿਆਚਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਿਦਿਆਰਥੀ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਭਿਆਚਾਰਕ ਅਨੇਕਤਾ ਦੇ ਬਾਵਜੂਦ ਸਮੁੱਚੇ ਭਾਰਤ ਦੇਸ਼ ਨੂੰ ਏਕਤਾ ਦੀ ਲੜੀ ਵਿਚ ਪਰੌਣ ਵਿਚ ਯੁਵਕ ਮੇਲੇ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ ਏ ਯੂ ਨੇ ਯੁਵਕ ਮੇਲੇ ਵਿਚ ਸ਼ਿਰਕਤ ਕਰੇ ਰਹੇ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਦੇਸ਼ ਭਰ ਤੋਂ ਆਏ ਵੱਖ-ਵੱਖ ਸਭਿਆਚਾਰਕ ਰਾਜਦੂਤਾਂ ਦੇ ਬੁਲੰਦ ਹੋਂਸਲੇ ਜਿੱਥੇ ਭਵਿੱਖ ਵਿਚ ਵੱਡੇ ਕਲਾਕਾਰ ਬਣਨ ਵਿਚ ਉਹਨਾਂ ਦੀ ਮਦੱਦ ਕਰਨਗੇ ਉੱਥੇ ਇਹ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦੀ ਮਹਾਨ ਸੰਸਕ੍ਰਿਤੀ ਦਾ ਪਸਾਰ ਵੀ ਕਰਨਗੇ। ਇਸ ਮੌਕੇ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਨੇ ਯੁਵਕ ਮੇੇਲੇ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਧੰਨਵਾਦ ਦੇ ਸ਼ਬਦ ਕਹਿੰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ। ਅੱਜ ਦੇ ਸਮਾਰੋਹ ਦਾ ਮੰਚ ਸੰਚਾਲਨ ਡਾ. ਵਿਸ਼ਾਲ ਬੈਕਟਰ ਅਤੇ ਡਾ. ਆਸ਼ੂ ਤੂਰ ਵੱਲੋਂ ਕੀਤਾ ਗਿਆ।