ਡੇਰਾ ਬੱਸੀ, 15 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਸਰਕਾਰੀ ਇਸ਼ਤਿਹਾਰਾਂ ਅਤੇ ਰਾਜ ਦੇ ਹਵਾਈ ਜਹਾਜ਼ ਦੇ ਟੂਰ 'ਤੇ ਤੁਰੰਤ ਬੰਦ ਕਰ ਦੇਣ ਅਤੇ ਬਚੇ ਹੋਏ ਸੈਂਕੜੇ ਕਰੋੜਾਂ ਰੁਪਏ ਦੀ ਵਰਤੋਂ ਲਗਾਤਾਰ ਮੀਂਹ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਢੁਕਵੀਂ ਰਾਹਤ ਪ੍ਰਦਾਨ ਕਰਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਸਿੰਘ ਬਾਦਲ ਨੇ ਹੜ੍ਹ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾਨ ਕਰਨ ਉਪਰੰਤ ਕੀਤ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਇਸ ਸਾਲ ਇਸ਼ਤਿਹਾਰਬਾਜ਼ੀ ਲਈ 750 ਕਰੋੜ ਰੁਪਏ ਜਾਰੀ ਕੀਤੇ ਹਨ, ਇਸ ਤੋਂ ਇਲਾਵਾ ਰਾਜ ਦੇ ਹਵਾਈ ਜਹਾਜ਼ 'ਤੇ ਕਰੋੜਾਂ ਰੁਪਏ ਖਰਚ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਖ-ਵੱਖ ਰਾਜਾਂ ਦੇ ਦੌਰਿਆਂ ਦੀ ਸਹੂਲਤ ਲਈ ਵਰਤੇ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹ ਸਭ ਬੰਦ ਕਰੇ ਅਤੇ ਪੰਜਾਬ ਵੱਲ ਧਿਆਨ ਦੇਵੇ, ਅੱਜ ਉਹ ਡੇਰਾ ਬੱਸੀ ਹਲਕੇ ਦੇ ਸਰਸਿਣੀ, ਟਿਵਾਣਾ ਅਤੇ ਆਲਮਗੀਰ ਦੇ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਹੜ੍ਹਾਂ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਕਈ ਕਈ ਫੁੱਟ ਇੱਕਠੀ ਹੋਈ ਰੇਤ ਵਿਖਾਈ ਜਿਸਨੂੰ ਸਥਿਤੀ ਆਮ ਹੋਣ 'ਤੇ ਪੁੱਟ ਕੇ ਖੇਤ ਪਧਰੇ ਕਰਨੇ ਪੈਣਗੇ। ਸੁਖਬੀਰ ਬਾਦਲ ਨੇ ਸਕੱਤਰ ਮਾਈਨਿੰਗ ਵਿਭਾਗ, ਪੰਜਾਬ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਵਾਲੇ ਕਿਸਾਨਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਬਹਾਨੇ ਪ੍ਰੇਸ਼ਾਨ ਨਾ ਕੀਤਾ ਜਾਵੇ, ਸਗੋਂ ਇਹਨਾਂ ਦੀ ਮੱਦਦ ਕੀਤੀ ਜਾਵੇ। ਸੂਬੇ 'ਚ ਹੜ੍ਹਾਂ ਨਾਲ 3 ਤੋਂ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕਿਸਾਨਾਂ ਦੀ ਖ਼ਰਾਬ ਹੋਈਆਂ ਜ਼ਮੀਨਾਂ ਦਾ ਸੂਬਾ ਸਰਕਾਰ ਪੂਰਾ-ਪੂਰਾ ਮੁਆਵਜ਼ਾ ਦੇਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਘੱਗਰ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਪਿੰਡ ਸਰਸੀਣੀ, ਖਜੂਰਮੰਡੀ, ਟਿਵਾਣਾ ਤੇ ਆਲਮਗੀਰ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦਿਆ ਕੀਤਾ। ਸੁਖਬੀਰ ਸਿੰਘ ਬਾਦਲ ਨੇ ਨਾਲ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਵੀ ਹਾਜ਼ਰ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨੁਕਸਾਨ ਦੀ ਭਰਪਾਈ ਕਰਨ ਲਈ ਸਰਕਾਰ ਇਸ਼ਤਿਹਾਰਬਾਜੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 2 ਸਾਲ ਦੇ ਹਵਾਈ ਝੂਟੇ ਬੰਦ ਕਰਕੇ 1500 ਕਰੋੜ ਰੁਪਏ ਤੋਂ ਵੱਧ ਬਚਾ ਕੇ ਕਿਸਾਨਾਂ ਦੀ ਆਰਥਿਕ ਮਦਦ ਕਰੇ ਇਸ ਨਾਲ ਜਿੱਥੇ ਪੰਜਾਬ ਦੇ ਖਜ਼ਾਨੇ ਉੱਤੇ ਵੀ ਵਾਧੂ ਭਾਰ ਨਹੀਂ ਪਵੇਗਾ, ਉੱਥੇ ਹੀ ਕਿਸਾਨਾਂ ਦੀ ਵੀ ਆਰਥਿਕ ਹਾਲਤ ਵੀ ਸੁਧਰ ਜਾਵੇਗੀ। ਬਾਦਲ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਗਰ ਦੇ ਪਾੜ ਦੇ ਪਾਣੀ ਦੀ ਮਾਰ ਨੇ ਉਕਤ ਪਿੰਡਾਂ ਦੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ ਤੇ ਹੁਣ ਪੰਜਾਬ ਸਰਕਾਰ ਨੂੰ ਫਸਲਾਂ ਦਾ ਨਹੀਂ ਸਗੋਂ ਜ਼ਮੀਨ ਦਾ ਮੁਆਵਜ਼ਾ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਨੇ ਕਿਸਾਨਾਂ ਦੀ ਕਈ ਹਜ਼ਾਰ ਏਕੜ ਜ਼ਮੀਨ ਫ਼ਸਲ ਸਮੇਤ ਖਤਮ ਹੋ ਗਈ ਤੇ ਜ਼ਮੀਨ ਵਿੱਚ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਨ੍ਹਾਂ ਨੂੰ ਸਵਾਰਨਾਂ ਹੁਣ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਘੱਟੋ-ਘੱਟ 3-4 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਖੇਤ ਸੰਵਾਰ ਕੇ ਦੇਵੇ ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ 'ਚ ਕੁਝ ਸੁਧਾਰ ਹੋ ਸਕੇ। ਬਾਦਲ ਕਿਹਾ ਕਿ ਘੱਗਰ ਦੇ ਪਾਣੀ ਦਾ ਵਹਾਅ ਐਨਾ ਜ਼ਿਆਦਾ ਤੇਜ਼ ਸੀ, ਜਿਸ ਦੇ ਨਾਲ ਖੇਤਾਂ ਵਿੱਚ ਲੱਗੇ ਟਿਊਬਵੈਲ, ਪਾਇਪ ਲਾਈਨਾਂ ਤੇ ਮੋਟਰਾਂ 'ਤੇ ਪਾਏ ਕੋਠੇ ਗਾਇਬ ਹੋ ਗਏ, ਜਿਨ੍ਹਾਂ 'ਤੇ ਕਿਸਾਨ ਦਾ ਘੱਟੋ-ਘੱਟ 4 ਤੋਂ 5 ਲੱਖ ਰੁਪਏ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸੋਚੇ ਸਮਝੇ ਖੋਲੇ ਫਲੱਡ ਗੇਟਾਂ ਕਾਰਨ ਹੀ ਘੱਗਰ ਦੇ ਪਾਣੀ ਨੇ ਉਕਤ ਪਿੰਡਾਂ 'ਚ ਤਬਾਹੀ ਮਚਾਈ ਹੈ। ਬਾਦਲ ਨੇ ਮਾਇਨਿੰਗ ਅਫ਼ਸਰ ਨਾਲ ਵੀ ਗੱਲਬਾਤ ਕਰਦਿਆਂ ਉਸ ਨੂੰ ਬੇਨਤੀ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕਿਸਾਨਾਂ ਦੇ ਖੇਤਾਂ ਵਿਚ ਰੇਤਾ ਹਟਾਇਆ ਜਾਵੇ ਅਤੇ ਉਹਨਾਂ ਨੂੰ ਗ਼ੈਰ ਕਾਨੂੰਨੀ ਮਾਇਨਿੰਗ ਦੇ ਨਾਂ 'ਤੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੂਰੀ ਆਰਥਿਕ ਮਦਦ ਕਰਨਗੇ, ਪਰ ਹਕੀਕਤ ਵਿੱਚ ਸਿਰਫ ਇਹ ਹਵਾਈ ਬਿਆਨ ਸਾਬਿਤ ਹੋਣਗੇ ਤੇ ਉਨ੍ਹਾਂ ਕਿਸਾਨਾਂ ਨੂੰ ਇੱਕ ਪਾਈ ਵੀ ਨਹੀਂ ਦੇਣੀ, ਜਿਵੇ ਭਗਵੰਤ ਮਾਨ ਸਰਕਾਰ ਨੇ ਮੂੰਗੀਂ ਦੀ ਖਰੀਦ ਨੂੰ ਲੈ ਕੇ ਇਸ਼ਤਿਹਾਰਬਾਜੀ ਕੀਤੀ ਸੀ ਕਿ ਸੂਬਾ ਸਰਕਾਰ ਐੱਮਐੱਸਪੀ ਉੱਤੇ ਮੂੰਗੀ ਦੀ ਖਰੀਦ ਕਰੇਗੀ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ 1 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕੀਤੀ ਗਈ, ਪਰ ਸੂਬਾ ਸਰਕਾਰ ਨੇ ਸਿਰਫ 2000 ਕੁਇੰਟਲ ਹੀ ਮੂੰਗੀ ਦੀ ਖਰੀਦ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਹਿਤੈਸੀ ਪਾਰਟੀ ਰਹੀ ਹੈ ਤੇ ਅਕਾਲੀ ਸਰਕਾਰ ਵੇਲੇ ਨਦੀਆਂ-ਨਾਲਿਆਂ ਦੀ ਸਫ਼ਾਈ ਦਾ ਕੰਮ ਬਰਸਾਤ ਤੋਂ ਪਹਿਲਾਂ ਹੀ ਨਿਬੇੜ ਲਿਆ ਜਾਂਦਾ ਸੀ, ਪਰ ਪੰਜਾਬ ਸਰਕਾਰ ਬਿਆਨ ਤੇ ਇਸ਼ਤਿਹਾਰਬਾਜੀ ਕਰਨ ਤੱਕ ਹੀ ਸੀਮਿਤ ਰਹਿ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ 'ਚ ਪਿਛਲੇ ਇਕ ਹਫਤੇ ਤੋਂ ਡੱਟ ਕੇ ਕੰਮ ਕਰ ਰਹੀ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੰਗਰ ਤੋਂ ਇਲਾਵਾ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਹਨ।