ਪਟਿਆਲਾ, 30 ਮਾਰਚ : ਪਟਿਆਲਾ ‘ਤੋਂ ਇੱਕ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਨਾਜ ਮੰਡੀ ਦੇ ਵਿੱਚ ਪੈਂਦੇ ਅਮਨ ਨਗਰ ਦੇ ਵਿੱਚ ਰਹਿਣ ਵਾਲੀ 10 ਸਾਲਾ ਮਾਨਵੀ ਦੀ ਕੇਕ ਖਾਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਮਾਨਵੀ ਦੇ ਜਨਮਦਿਨ ਤੇ ਇਹ ਕੇਕ ਮੰਗਵਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਪਰਿਵਾਰ ਦੇ 4 ਹੋਰ ਮੈਂਬਰਾਂ ਦੀ ਸਿਹਤ ਵੀ ਵਿਗੜ ਗਈ। ਇਸ ਘਟਨਾ ‘ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਅਦਾਲਤ ਬਾਜ਼ਾਰ ਸਥਿਤ ਕੇਕ ਕਾਨ੍ਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਧਾਰਾ 304-ਏ ਅਤੇ 273 ਲਗਾ ਦਿੱਤੀ ਹੈ। ਪਰਿਵਾਰ ਨੇ ਸਰਕਾਰ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਮ੍ਰਿਤਕ ਲੜਕੀ ਦੀ ਪਛਾਣ ਮਾਨਵੀ ਵਜੋਂ ਹੋਈ ਹੈ। ਕਾਜਲ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ 24 ਮਾਰਚ ਨੂੰ ਸ਼ਾਮ 6 ਵਜੇ ਇਕ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਕੇਕ ਸਾਢੇ ਛੇ ਵਜੇ ਦੇ ਕਰੀਬ ਘਰ ਪਹੁੰਚਿਆ। 7:15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਕਰ ਰਿਹਾ ਸੀ। ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜ ਗਈ ਸੀ। ਅਗਲੀ ਸਵੇਰ ਬੱਚੀ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਬਾਕੀ ਪਰਿਵਾਰ ਦੀ ਸਿਹਤ ਵੀ ਵਿਗੜ ਗਈ ਸੀ, ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਨਵੀ ਆਪਣੀ ਮਾਂ ਅਤੇ ਛੋਟੀ ਭੈਣ ਦੇ ਨਾਲ ਆਪਣੇ ਨਾਨਕੇ ਘਰ ਰਹਿ ਰਹੀ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲੀਸ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੀ ਮਦਦ ਲਵੇਗੀ। ਸਿਹਤ ਵਿਭਾਗ ਦੀ ਟੀਮ ਜਲਦੀ ਹੀ ਸਬੰਧਤ ਦੁਕਾਨ ’ਤੇ ਜਾ ਕੇ ਸੈਂਪਲ ਭਰੇਗੀ।ਅਤੇ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ।