ਸਿੱਖ ਸੰਸਥਾ ਦੇ ਕਾਰਜ ਸੰਗਤ ਦੀ ਭਾਵਨਾ ਅਨੁਸਾਰ ਜਾਰੀ ਰੱਖੇ ਜਾਣਗੇ : ਐਡਵੋਕੇਟ ਧਾਮੀ

ਅੰਮ੍ਰਿਤਸਰ, 28 ਮਾਰਚ 2025 : ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਜਟ ਦਾ ਮੁੱਖ ਸਰੋਤ ਸੰਗਤਾਂ ਵੱਲੋਂ ਭੇਟਾ ਕੀਤੀ ਜਾਂਦੀ ਰਾਸ਼ੀ ਅਤੇ ਦਸਵੰਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਬਜਟ ਦੀ ਅਨੁਮਾਨਿਤ ਰਾਸ਼ੀ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਖਰਚਿਆਂ ਨੂੰ ਲੋੜ-ਅਨੁਸਾਰ ਅਤੇ ਨਿਯਮਿਤ ਕਰਨ ਦਾ ਨਤੀਜਾ ਹੈ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਸਿੱਖ ਸੰਸਥਾ ਦੇ ਕਾਰਜ ਸੰਗਤ ਦੀ ਭਾਵਨਾ ਅਨੁਸਾਰ ਜਾਰੀ ਰੱਖੇ ਜਾਣਗੇ ਅਤੇ ਖਾਸ ਕਰਕੇ ਸੰਗਤੀ ਸਹੂਲਤਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਰਕਾਰਾਂ ਵਿਦਿਆ ਦੇ ਪ੍ਰਸਾਰ ਲਈ ਫੇਲ੍ਹ ਸਾਬਤ ਹੋ ਰਹੀਆਂ ਹਨ ਤਾਂ ਅਜਿਹੇ ਸਮੇਂ ਸ਼੍ਰੋਮਣੀ ਕਮੇਟੀ ਦਾ ਸਮਾਜ ਅੰਦਰ ਇਸ ਖੇਤਰ ਵਿੱਚ ਯੋਗਦਾਨ ਵੱਡੇ ਮਹੱਤਵ ਵਾਲਾ ਹੈ, ਇਸੇ ਲਈ ਬਜਟ ਵਿੱਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਵੱਡੀ ਰਾਸ਼ੀ ਰੱਖੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਜਟ ਇਜਲਾਸ ਦੌਰਾਨ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਸ਼ੋਰ-ਸ਼ਰਾਬੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅਜਿਹਾ ਵਰਤਾਰਾ ਠੀਕ ਨਹੀਂ ਹੈ। ਐਡਵੋਕੇਟ ਧਾਮੀ ਨੇ ਆਖਿਆ ਉਹ ਹਰ ਇੱਕ ਦੇ ਵਿਚਾਰ ਦਾ ਸਤਿਕਾਰ ਪਰੰਤੂ ਇਹ ਮਰਯਾਦਾ ਅਤੇ ਨਿਯਮਾਂ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਚੱਲ ਰਹੀ ਚਰਚਾ ਨੂੰ ਉਨ੍ਹਾਂ ਨੇ ਖੁਦ ਏਜੰਡੇ ਉੱਤੇ ਲੈ ਕੇ ਗੱਲ ਕਰਨੀ ਚਾਹੀ ਸੀ ਪਰੰਤੂ ਕੁਝ ਮੈਂਬਰਾਂ ਨੇ ਉਨ੍ਹਾਂ ਦੀ ਗੱਲ ਸੁਣਨੀ ਮੁਨਾਸਿਬ ਨਾ ਸਮਝੀ ਅਤੇ ਉਹ ਮਰਯਾਦਾ ਵਿਰੁੱਧ ਜਾ ਕੇ ਰੌਲਾ ਪਾਉਂਦੇ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ ਅਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਲਈ ਉਹ ਖੁਦ ਸੰਜੀਦਾ ਹਨ ਇਸੇ ਲਈ ਇਜਲਾਸ ਵਿੱਚ ਇਸ ਸਬੰਧੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਬਾਰੇ ਸੁਝਾਅ ਲਏ ਜਾਣਗੇ ਅਤੇ ਗਠਤ ਕੀਤੀ ਜਾਣ ਵਾਲੀ ਕਮੇਟੀ ਰਾਹੀਂ ਇਨ੍ਹਾਂ ਨੂੰ ਵਿਚਾਰ ਕੇ ਇੱਕ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਥ ਦਾ ਸੰਜੀਦਾ ਮਾਮਲਾ ਹੈ ਜਿਸ ਉੱਤੇ ਉਹ ਹਰ ਇੱਕ ਨਾਲ ਵਿਚਾਰ ਕਰਨ ਨੂੰ ਤਿਆਰ ਹਨ ਪਰੰਤੂ ਇਹ ਜਾਬਤੇ ਵਿੱਚ ਰਹਿ ਕੇ ਹੋਵੇ। ਉਨ੍ਹਾਂ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਕਰਨ ਅਤੇ ਇੱਕ ਭਰੋਸੇ ਨਾਲ ਇਸ ਮਾਮਲੇ ਦੇ ਹੱਲ ਵੱਲ ਵਧਣ।