ਬਟਾਲਾ, 24 ਜੁਲਾਈ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਸਵੀਪ ਟੀਮ ਦੇ ਮੈਂਬਰ ਗੁਰਮੀਤ ਸਿੰਘ ਭੋਮਾ ( ਸਟੇਟ ਅਵਾਰਡੀ) ਨੇ ਸਵੇਰ ਦੀ ਅਸੈਂਬਲੀ ਵਿੱਚ ਵਿਦਿਆਰਥੀਆਂ ਨੂੰ ਵੋਟ ਆਨਲਾਈਨ ਬਣਾਉਣ, ਆਪਣਾ ਪਤਾ ਬਦਲਣ ਅਤੇ ਵੋਟਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਵੋਟਰ ਹੈਲਪ ਲਾਈਨ ਐਪ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰੈਣੂ ਬਾਲਾ ਵੱਲੋਂ ਜਾਗਰੂਕਤਾ ਕੈਂਪ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਯੋਗਤਾ ਮਿਤੀ 01 ਜਨਵਰੀ 2024 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੋਂ ਪਹਿਲਾ ਪ੍ਰੀ-ਰਵੀਜਨ ਐਕਟੀਵਿਟੀ ਦੇ ਪ੍ਰੋਗਰਾਮ ਅਨੁਸਾਰ 01 ਜਨਵਰੀ 2024 ਦੀ ਯੋਗਤਾ ਦੇ ਆਧਾਰ ’ਤੇ ਫ਼ੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ 21 ਜੁਲਾਈ 2023 ਤੋਂ ਮਿਤੀ 21 ਅਗਸਤ 2023 ਤੱਕ ਵੋਟਰਾਂ ਦੇ ਵੇਰਵਿਆਂ ਦੀ ਵੈਰੀਫਿਕੇਸ਼ਨ ਕਰਨ ਲਈ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ 01 ਜਨਵਰੀ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਫਾਰਮ ਵੀ ਇਕੱਤਰ ਕੀਤੇ ਜਾਣਗੇ। ਰਜਿਸਟਰੇਸ਼ਮ ਆਫ਼ ਇਲੈਕਟਰਸ ਵਿੱਚ ਸੋਧ ਕਰਨ ਉਪਰੰਤ ਹੁਣ 01 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ। ਹੁਣ ਰਜਿਸਟਰੇਸ਼ਨ ਨਿਯਮ ਵਿੱਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ 1 ਸਾਲ ਵਿੱਚ 4 ਮੌਕੇ ਮਿਲਣਗੇ। ਜਿਹੜੇ ਨਾਗਰਿਕ ਜਨਵਰੀ ਵਿੱਚ 18 ਸਾਲ ਪੂਰੇ ਨਹੀਂ ਕਰਦੇ, ਉਹ ਐਡਵਾਂਸ ਵਿੱਚ ਅਪਲਾਈ ਕਰ ਸਕਦੇ ਹਨ। ਭਾਰਤ ਚੋਣ ਕਮਿਸ਼ਨ ਦੇ ਐਨ.ਵੀ.ਐਸ.ਪੀ ਪੋਰਟਲ (www.nvsp.in), ਵੋਟਰ ਹੈਲਪ ਲਾਈਨ ਐਪ, ਸੀ.ਐਸ.ਸੀ ਸੈਂਟਰ ਅਤੇ ਆਫ਼ ਲਾਈਨ ਮੋਡ ਜਿਸ ਵਿੱਚ ਵਿੱਦਿਅਕ ਅਦਾਰਿਆਂ, ਸਵੀਪ ਨਾਲ ਸਬੰਧੀ ਏਜੰਸੀਆਂ, ਐਨ.ਜੀ.ਓਜ, ਯੁਵਕ ਸੇਵਾਵਾਂ ਵਿਭਾਗ ਰਾਹੀਂ ਵੀ ਆਪਣੀ ਨਵੀਂ ਵੋਟ ਬਣਾਉਣ (ਫਾਰਮ 6), ਵੋਟ ਕਟਾਉਣ (ਫਾਰਮ 7), ਵੋਟ ਦੀ ਦਰੁਸਤੀ ਅਤੇ ਸ਼ਿਫਟਿੰਗ ਲਈ ਫਾਰਮ ਨਿਰਧਾਰਿਤ ਫਾਰਮਾਂ ਵਿੱਚ ਬਿਨੈ ਕੀਤਾ ਜਾ ਸਕਦਾ ਹੈ।