ਬਟਾਲਾ, 21 ਅਗਸਤ : ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੱਖ-ਵੱਖ ਗਠਿਤ ਟੀਮਾਂ ਲੋਕਾਂ ਨੂੰ ਰਾਹਤ ਕਾਰਜ ਦੇਣ ਵਿਚ ਲੱਗੀਆਂ ਹੋਈਆਂ ਹਨ। ਉਨਾਂ ਦੱਸਿਆ ਕਿ ਸਿਹਤ ਵਿਭਾਗਾਂ ਦੀਆਂ ਟੀਮਾਂ ਵਲੋਂ ਬਿਮਾਰ ਬੱਚਿਆਂ ਤੋਂ ਇਲਾਵਾ ਮਰੀਜਾਂ ਦੀ ਜਾਂਚ ਕਰਕੇ ਦਵਾਈ ਦਿੱਤੀ ਜਾ ਰਹੀ ਹੈ। ਪਿੰਡ ਮੰਨਣ ਕਲਾਂ, ਰੰਧਾਵਾ ਕਾਲੋਨੀ, ਭੈਣੀ ਮੀਆਂ ਖਾਂ, ਸੈਦੋਵਾਲ ਕਲਾਂ, ਮੋਜਪੁਰ, ਰਾਜੂਬੇਲਾ, ਭੈਣੀ ਪਸਵਾਲ ਆਦਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਵੀ ਰਾਹਤ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਮੌਕੇ ਗੱਲ ਕਰਦਿਆਂ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਮੈਡੀਕਲ ਕੈਂਪਾਂ ਤੋਂ ਇਲਾਵਾ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕਰਨ ਦੇ ਨਾਲ ਲੋਕਾਂ ਨੂੰ ਡੇਂਗੂ ਬਿਮਾਰੀ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਫੁੱਲਾਂ ਦੇ ਗਮਲੇ, ਕੂਲਰ ਵਿੱਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ। ਉਨਾਂ ਕਿਹਾ ਕਿ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ।