ਗੁਰਦਾਸਪੁਰ, 9 ਜੁਲਾਈ 2024 : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ 1 ਜੁਲਾਈ ਤੋਂ 31 ਜੁਲਾਈ 2024 ਤੱਕ ਵਿਸ਼ੇਸ਼ ਮੁਹਿੰਮ ਚਲਾ ਕੇ ਟਰੈਫ਼ਿਕ ਰੂਲਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਸੇ ਜਾਗਰੂਕਤਾ ਮੁਹਿੰਮ ਦੇ ਤਹਿਤ ਟਰੈਫ਼ਿਕ ਸੈੱਲ ਵੱਲੋਂ ਅੱਜ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿਖੇ ਟਰੈਫ਼ਿਕ ਰੂਲਾਂ ਬਾਰੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਬਾਰੇ ਜਾਣੂ ਕਰਵਾਇਆ। ਸੈਮੀਨਾਰ ਦੌਰਾਨ ਏ.ਐੱਸ.ਆਈ. ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ 16 ਸਾਲ ਤੋਂ 18 ਸਾਲ ਤੱਕ ਦੇ ਬੱਚੇ ਬਿਨਾਂ ਗੇਅਰ ਦੇ ਸਿਰਫ਼ ਟੂ ਵੀਲ੍ਹਰ ਹੀ ਚਲਾ ਸਕਦੇ ਹਨ ਪਰ ਪਹਿਲਾਂ ਉਨ੍ਹਾਂ ਲਈ ਆਪਣਾ ਡਰਾਈਵਿੰਗ ਲਾਇਸੰਸ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਾਬਾਲਗ ਬੱਚੇ ਕੋਈ ਵੀ ਚਾਰ ਪਹੀਆ ਵਾਹਨ ਜਾਂ ਗੇਅਰ ਵਾਲਾ ਵਾਹਨ ਨਹੀਂ ਚਲਾ ਸਕਦੇ ਅਤੇ ਜੇਕਰ ਕੋਈ ਨਾਬਾਲਗ ਬੱਚਾ ਅਜਿਹਾ ਵਾਹਨ ਚਲਾਉਂਦਾ ਹੈ ਤਾਂ ਉਸਦਾ ਚਲਾਨ ਹੋਣ ਦੇ ਨਾਲ ਉਸਦੇ ਮਾਤਾ ਪਿਤਾ ਉੱਪਰ ਵੀ ਕਾਨੂੰਨੀ ਕਾਰਵਾਈ ਤਹਿਤ ਤਿੰਨ ਸਾਲ ਤੱਕ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਐਕਸੀਡੈਂਟ ਪੀੜਤ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਪੁਲਿਸ ਹੈਲਪ ਲਾਈਨ ਨੰਬਰ 112 ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਹਰਜਿੰਦਰਪਾਲ ਸਿੰਘ ਅਤੇ ਪਰਮਿੰਦਰ ਕੌਰ ਰੇਖਾ ਰਾਣੀ ਵੀ ਮੌਜੂਦ ਸਨ।