ਤਰਨ ਤਾਰਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਇੱਕ ਬਦਮਾਸ਼ ਦੀ ਲੱਤ ’ਚ ਲੱਗੀ ਗੋਲੀ

ਤਰਨ ਤਾਰਨ, 15 ਫਰਵਰੀ 2025 : ਤਰਨ ਤਾਰਨ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਬੀਤੀ ਦੇਰ ਰਾਤ ਮੁਕਾਬਲਾ ਹੋਇਆ, ਇਸ ਦੌਰਾਨ ਇੱਕ ਬਦਮਾਸ਼ ਪੁਲਿਸ ਦੀ ਗੋਲੀ ਨਾਲ ਜ਼ਖਮੀ ਵੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਆਗੂ ਸਤਨਾਮ ਸਿੰਘ ਹਰੀਕੇ 'ਤੇ ਹੋਏ ਹਮਲੇ ਦੇ ਮੁਲਜ਼ਮ ਖੁਲ੍ਹੇਆਮ ਘੁੰਮ ਰਹੇ ਹਨ ਅਤੇ ਚਿੱਟੇ ਰੰਗ ਦੀ ਕਾਰ ਵਿੱਚ ਆ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਇਸ ਦੌਰਾਨ ਪੁਲਿਸ ਟੀਮ ਨੇ ਪਿੰਡ ਭੁੱਲਰ ਨੇੜੇ ਨਾਕੇ 'ਤੇ ਮੁਲਜ਼ਮਾਂ ਦੀ ਕਾਰ ਰੋਕੀ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਨ੍ਹਾਂ ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ 'ਤੇ ਫਾਇਰ ਕੀਤੇ। ਜਿਸ ਦੀ ਜਵਾਬੀ ਕਾਰਵਾਈ 'ਚ ਪੁਲਿਸ ਨੇ ਫਾਇਰ ਕੀਤੇ ਅਤੇ ਇਸ ਦੌਰਾਨ ਇੱਕ ਬਦਮਾਸ਼ ਜ਼ਖਮੀ ਹੋਇਆ ਹੈ। ਜਦੋਕਿ ਉਸਦੇ ਦੋ ਸਾਥੀ ਕੁਝ ਦੂਰੀ ਤੱਕ ਭੱਜੇ ਵੀ ਪਰ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਖਮੀ ਹੋਏ ਬਦਮਾਸ਼ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ। ਜਦੋਕਿ ਉਸਦੇ ਨਾਲ ਹਰਮਿੰਦਰ ਸਿੰਘ ਅਤੇ ਹਰਮਨ ਸਿੰਘ ਨਾਮਕ ਬਦਮਾਸ਼ ਸਨ। ਮੁੱਢਲੀ ਪੁੱਛਿਗੱਛ ਦੌਰਾਨ ਉਕਤ ਬਦਮਾਸ਼ਾਂ ਨੇ ਦੱਸਿਆ ਕਿ ਉਹ ਲੰਡਾ ਹਰੀਕੇ ਲਈ ਕੰਮ ਕਰਦੇ ਹਨ ਅਤੇ ਉਸਦੇ ਕਹਿਣ ’ਤੇ ਹੀ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਡੀਐੱਸਪੀ ਨੇ ਦੱਸਿਆ ਕਿ ਬਦਮਾਸ਼ਾਂ ਕੋਲੋਂ ਪਾਕਿਸਤਾਨ ਦਾ ਬਣਿਆ 9 ਐੱਮਐੱਮ ਦਾ ਪਿਸਟਲ ਬਰਾਮਦ ਹੋਇਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।