ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ 04 ਨਵੰਬਰ ਨੂੰ ਹੋਏ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ‘ਚ ਨਾਮਜਦ ਨੌਜਵਾਨ ਸੰਦੀਪ ਸਿੰਘ ਦੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ| ਇਸ ਦੌਰਾਨ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਹੋਏ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ‘ਤੇ ਸੰਦੀਪ ਸਿੰਘ ਕੋਲੋਂ ਪੁਲਿਸ ਪੁੱਛਗਿਛ ਕਰ ਰਹੀ ਸੀ ਲੇਕਿਨ ਸੁਧੀਰ ਸੂਰੀ ਦੇ ਕੁਝ ਸਮਰਥਕਾਂ ਵੱਲੋਂ ਸੰਦੀਪ ਸਿੰਘ ਦੇ ਭਰਾ ਦੀ ਦੁਕਾਨ ਤੇ ਜਾ ਕੇ ਤੋੜਫੋੜ ਕੀਤੀ ਗਈ| ਉਸਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸੀਸੀਟੀਵੀ ਵੀਡਿਓ ਵੀ ਪੁਲਿਸ ਕੋਲ ਹੈ|ਉਨ੍ਹਾਂ ਨੇ ਕਿਹਾ ਕਿ ਦੁਕਾਨ ‘ਤੇ ਮੌਜੂਦ ਕੰਮ ਕਰਨ ਵਾਲੇ ਨੌਜਵਾਨ ਨਾਲ ਵੀ ਸੂਰੀ ਦੇ ਸਮਰਥਕਾਂ ਵਲੋਂ ਕੁੱਟਮਾਰ ਕੀਤੀ ਗਈ| ਇਸ ਸਬੰਧੀ ਜਦੋਂ ਸੰਦੀਪ ਸਿੰਘ ਦੇ ਭਰਾ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤਾਂ ਪੁਲਿਸ ਨੇ ਅਜੇ ਤੱਕ ਕਿਸੇ ਵੀ ਤਰੀਕੇ ਦੀ ਕਾਰਵਾਈ ਨਹੀਂ ਕੀਤੀ|ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਨੂੰ ਹਿੰਦੂ-ਸਿੱਖ ਰੰਗਤ ਨਾ ਦਿੱਤੀ ਜਾਵੇ|ਅੰਮ੍ਰਿਤਪਾਲ ਸਿੰਘ ਦੇ ਉਪਰ ਤੰਜ ਕੱਸਦੇ ਹੋਏ ਮਜੀਠੀਆ ਨੇ ਇੱਕ ਵਾਰ ਫਿਰ ਕਿਹਾ ਕਿ ਅਸਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਕੋਈ ਵੀ ਨਹੀਂ ਹੋ ਸਕਦਾ ਅਤੇ ਨਕਲੀ ਨੇ ਹਮੇਸ਼ਾ ਨਕਲੀ ਹੀ ਰਹਿਣਾ ਹੈ | ਉਨ੍ਹਾਂ ਕਿਹਾ ਕਿ ਤਿੰਨ ਕਰੋੜ ਪੰਜਾਬ ਦੇ ਵਾਸੀ ਪੰਜਾਬ ਦੇ ਵਾਰਿਸ਼ ਹਨ ਅਤੇ ਆਪਣੇ ਆਪ ਤੇ ਸਟਿੱਕਰ ਲਗਾ ਕੇ ਜਿਆਦਾ ਪੰਜਾਬ ਦਾ ਵਾਰਿਸ ਨਹੀਂ ਬਣ ਸਕਦੇ | ਇਸ ਦੇਸ਼ ਵਿੱਚ ਹਰ ਇੱਕ ਨੂੰ ਫਰੀਡਮ ਨਾਲ ਸਪੀਚ ਕਰਨ ਦੀ ਆਜ਼ਾਦੀ ਹੈ ਲੇਕਿਨ ਉਹ ਵੀ ਕੋਈ ਹੱਦ ਤੱਕ ਹੈ |ਮਜੀਠੀਆ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਮੇਸ਼ਾ ਪਰਚਾਰਕਾਂ ਦੇ ਹੱਥ ਵਿੱਚ ਮਾਲਾ ਹੀ ਦੇਖਣ ਨੂੰ ਮਿਲਦੀ ਹੈ | ਲੇਕਿਨ ਅੰਮ੍ਰਿਤਪਾਲ ਸਿੰਘ ਪਹਿਲੇ ਪ੍ਰਚਾਰਕ ਹਨ, ਜਿਸ ਦੇ ਹੱਥ ਵਿੱਚ ਪਿਸਤੌਲਾਂ ਦੇਖਣ ਨੂੰ ਮਿਲੀਆਂ ਹਨ | ਇਸਦੇ ਨਾਲ ਹੀ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕਿ ਕੋਈ ਨਕਲੀ ਹਥਿਆਰ ਫੜਕੇ ਫੋਟੋ ਕਰਕੇ ਜੇਕਰ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਂਦਾ ਤਾਂ ਪੁਲਿਸ ਉਸ ‘ਤੇ ਮਾਮਲਾ ਦਰਜ ਕਰ ਰਹੀ ਹੈ ਜੋ ਅਸਲੀ ‘ਚ ਹਥਿਆਰ ਲੇ ਕੇ ਘੁੰਮ ਰਹੇ ਹਨ ਉਨ੍ਹਾਂ ‘ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ , ਕਿ ਇਹ ਪੰਜਾਬ ਸਰਕਾਰ ਦਾ ਬਦਲਾਵ ਹੈ ?