- ਡਿਪਟੀ ਕਮਿਸ਼ਨਰ ਨੇ ਸਰਹੱਦੀ ਪੱਟੀ ਵਿੱਚ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ 16 ਜੁਲਾਈ 2024 : ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਉਥੇ ਦਿਨ ਰਾਤ ਡਿਊਟੀ ਕਰਦੇ ਬੀਐਸਐਫ ਜਵਾਨਾਂ ਜਿਨਾਂ ਵਿੱਚ ਮਹਿਲਾ ਜਵਾਨ ਵੀ ਸ਼ਾਮਿਲ ਹਨ ਦੀ ਸਹੂਲਤ ਲਈ ਜਿਲਾ ਪ੍ਰਸ਼ਾਸਨ ਵੱਲੋਂ ਕਮਿਊਨਿਟੀ ਸੈਂਟਰੀ ਕੰਪਲੈਕਸ ਤਿਆਰ ਕਰਵਾਏ ਜਾ ਰਹੇ ਹਨ, ਜਿਨਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਖੁਦ ਮੌਕੇ ਉੱਤੇ ਪੁੱਜੇ। ਉਨਾਂ ਨੇ ਹੁਣ ਤੱਕ ਹੋਏ ਕੰਮਾਂ ਦਾ ਡੁੰਘਿਆਈ ਵਿੱਚ ਜਾਇਜ਼ਾ ਲਿਆ। ਉਹਨਾਂ ਇਸ ਮੌਕੇ ਦੱਸਿਆ ਕਿ ਅਜਨਾਲਾ ਸਰਹੱਦੀ ਪੱਟੀ ਵਿੱਚ ਅਜਿਹੇ 18 ਕਮਿਊਨਿਟੀ ਕੰਪਲੈਕਸ ਬਣਾਏ ਜਾਣੇ ਹਨ ਜਿਨਾਂ ਵਿੱਚੋਂ 17 ਦਾ ਕੰਮ ਪੂਰਾ ਹੋ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਅਕਸਰ ਇਹ ਸ਼ਿਕਾਇਤ ਰਹਿੰਦੀ ਸੀ ਕਿ ਸਰਹੱਦ ਤੋਂ ਪਾਰ ਖੇਤੀ ਕਰਨ ਗਏ ਕਿਸਾਨ ਅਤੇ ਡਿਊਟੀ ਕਰ ਰਹੇ ਜਵਾਨ ਤੇ ਮਹਿਲਾ ਕਰਮੀ ਦੀ ਸਹੂਲਤ ਲਈ ਉੱਥੇ ਸੈਨਟਰੀ ਸਹੂਲਤਾਂ ਦੀ ਘਾਟ ਹੈ। ਉਹਨਾਂ ਕਿਹਾ ਕਿ ਇਸ ਮੰਗ ਨੂੰ ਦੇਖਦੇ ਹੋਏ ਬੀਐਸਐਫ ਅਤੇ ਲੋਕਲ ਪੰਚਾਇਤਾਂ ਨਾਲ ਸਲਾਹ ਕਰਕੇ 18 ਕਮਿਊਨਟੀ ਸੈਂਟਰ ਕੰਪਲੈਕਸ ਉਸਾਰੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਐਸਐਫ ਦੀਆਂ ਸਰਹੱਦ ਤੇ ਸਥਿਤ ਪੋਸਟਾਂ ਨੂੰ ਪੱਕੇ ਰਾਹ ਬਣਾ ਕੇ ਦਿੱਤੇ ਜਾ ਰਹੇ ਹਨ, ਜਿਨਾਂ ਵਿੱਚ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗ ਮਿਲ ਕੇ ਕੰਮ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਅਜਿਹੀਆਂ 15 ਪੋਸਟਾਂ ਨੂੰ ਪੱਕੇ ਰਸਤੇ ਬਣਾ ਕੇ ਦਿੱਤੇ ਜਾ ਰਹੇ ਹਨ, ਜਿਨਾਂ ਵਿੱਚੋਂ ਸੱਤ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਚਾਰ ਰਸੈ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਚਾਰ ਬੀ ਓ ਪੀ ਲਈ ਲੋਕ ਨਿਰਮਾਣ ਵਿਭਾਗ ਦੁਆਰਾ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ। ਅੱਜ ਡਿਪਟੀ ਕਮਿਸ਼ਨਰ ਨੇ ਇਹਨਾਂ ਸਾਰੇ ਕੰਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਪਿੰਡ ਮੂਸਾ, ਛੰਨਾ, ਧਰਮ ਪ੍ਰਕਾਸ਼ , ਪੰਜ ਗਰਾਈ, ਸਿੰਘੋ ਕੇ ਆਦਿ ਪਿੰਡਾਂ ਵਿੱਚ ਬਣੀਆਂ ਸਰਹੱਦੀ ਚੌਂਕੀਆਂ ਅਤੇ ਉਨਾਂ ਨੂੰ ਜਾਂਦੇ ਰਸਤਿਆਂ ਦਾ ਦੌਰਾ ਕੀਤਾ। ਉਹਨਾਂ ਨਾਲ ਇਸ ਮੌਕੇ ਐਸਡੀਐਮ ਰਵਿੰਦਰ ਪਾਲ ਸਿੰਘ, ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ, ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸ੍ਰੀ ਸੁਖਜੀਤ ਸਿੰਘ ਬਾਜਵਾ, ਬੀਐਸਐਫ ਅਧਿਕਾਰੀ ਸ੍ਰੀ ਪੀਕੇ ਦਿਵੇਦੀ ਅਤੇ ਨੀਰਜ ਕੁਮਾਰ, ਡੀਐਸਪੀ ਸ੍ਰੀ ਰਾਜ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।