ਅੰਮ੍ਰਿਤਸਰ, 1 ਅਪ੍ਰੈਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਉਘੇ ਲੇਖਕ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਨੇ ਲਗਾਤਾਰ ਦੇਸ਼ ਅਤੇ ਸੂਬੇ ਅੰਦਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਧਾਰਮਿਕ ਜਲੂਸਾਂ ਅੰਦਰ ਕੁੱਝ ਲੋਕਾਂ ਵੱਲੋਂ ਵਾਪਰ ਰਹੀਆਂ ਦੁਖਦਾਈ ਤੇ ਹਿੰਸਕ ਕਾਰਵਾਈਆਂ ਨਾਲ ਦਹਿਸ਼ਤ ਤੇ ਅਣ ਸੁਖਾਵਾਂ ਮਹੌਲ ਬਨਣ ਨਾਲ ਦੇਸ਼ ਦਾ ਹਰ ਨਾਗਰਿਕ ਮਾਨਸਿਕ ਪੀੜ ਹੰਢਾ ਰਿਹਾ ਹੈ। ਉਨ੍ਹਾਂ ਕਿਹਾ ਪਿਛਲੇ ਦਿਨੀਂ ਰਾਮ ਨੌਮੀ ਦੇ ਮੌਕੇ ਤੇ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਗੁਜਰਾਤ ਵਿਚ ਅਨੇਕਾਂ ਥਾਵਾਂ `ਤੇ ਹੋਈ ਹਿੰਸਾ ਵਿਚ ਪਥਰਾਅ, ਦੁਕਾਨਾਂ ਦੀ ਭੰਨ-ਤੋੜ, ਪੈਟਰੋਲ ਬੰਬ ਸੁੱਟ ਕੇੇ ਵਾਹਨਾਂ ਨੂੰ ਅੱਗ ਲਗਾਉਣੀ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਹੈ। ਅਜਿਹਾ ਵਰਤਾਰਾ ਅਨੇਕ ਥਾਵਾਂ ਤੇ ਵਾਪਰਿਆ। ਸ. ਬੇਦੀ ਨੇ ਕਿਹਾ ਵੱਖੋ-ਵੱਖਰੇ ਫ਼ਿਰਕਿਆਂ ਦਾ ਆਪਸ ਵਿਚ ਇਸ ਤਰ੍ਹਾਂ ਭਿੜ ਜਾਣਾ ਬੇਹੱਦ ਸ਼ਰਮਨਾਕ ਕਾਰਾ ਹੈ। ਅਜਿਹੇ ਘਟਨਾਕ੍ਰਮ ਕਿਸ ਤਰ੍ਹਾਂ ਦੇ ਘਿਰਣਾਮਈ ਮਾਹੌਲ ਨੂੰ ਜਨਮ ਦਿੰਦੇ ਹਨ ਜੋ ਲੰਬੇ ਸਮੇਂ ਤੱਕ ਲੋਕਾਂ ਮਨਾਂ ਤੇ ਦਹਿਸ਼ਤੀ ਰੂਪ ਬਣਿਆ ਰਹਿੰਦਾ ਹੈ। ਇਹ ਸਰਕਾਰਾਂ ਦੀ ਨਾਲਾਇਕੀ ਅਤੇ ਪ੍ਰਸ਼ਾਸਨ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਬਿਨਾਂ ਸ਼ੱਕ ਅਜਿਹੇ ਫਿਰਕੂ ਦੰਗਿਆਂ ਨੂੰ ਰੋਕਣ ਲਈ ਜਿੱਥੇ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਉਥੇ ਪ੍ਰਸ਼ਾਸਨ ਨੂੰ ਹਰ- ਸੂਰਤ ਵਿਚ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਲਗਾਤਾਰ ਵਾਰ-ਵਾਰ ਅਜਿਹਾ ਕੁੱਝ ਵਾਪਰਨ ਦੇ ਬਾਵਜੂਦ ਵੀ ਸੰਬੰਧਿਤ ਪ੍ਰਸ਼ਾਸਨਾਂ ਵੱਲੋਂ ਅਜਿਹੀ ਭੜਕਾਹਟ ਨੂੰ ਰੋਕਣ ਦੀ ਕੋਈ ਚੰਗੀ ਯੋਜਨਾਬੰਦੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੜਕਾਂ, ਰਾਹਾਂ ਤੋਂ ਜਲੂਸਾਂ ਜਾਂ ਕੱਢੀਆਂ ਜਾਣ ਵਾਲੀਆਂ ਯਾਤਰਾਵਾਂ ਨੂੰ ਕਿਉਂ ਤੋਰਿਆ ਜਾਂਦਾ ਹੈ ਜੋ ਨਾਜ਼ੁਕ ਹੁੰਦੇ ਹਨ। ਪ੍ਰਸ਼ਾਸਨ ਦੀ ਨਾਕਾਮੀ ਕਾਰਨ ਹੀ ਅਜਿਹਾ ਕੁੱਝ ਘਿਨੌਣਾ ਵਾਪਰਦਾ ਹੈ। ਉਨ੍ਹਾਂ ਦੇਸ਼ ਦੇ ਸਿਆਸਤਦਾਨਾਂ ਨੂੰ ਕਿਹਾ ਕਿ ਦੇਸ਼ ਦੇ ਵੱਡੇ ਹਿਤਾਂ ਨੂੰ ਮੁੱਖ ਰੱਖਦਿਆਂ ਅਜਿਹੇ ਘਟਨਾਕ੍ਰਮ ਪ੍ਰਤੀ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ। ਭੀੜਾਂ ਵਿੱਚ ਨਿਸ਼ਾਨ ਦੇਹੀ ਭਾਵੇਂ ਔਖੀ ਹੁੰਦੀ ਹੈ ਪਰ ਹਲਾਤ ਨੂੰ ਖ਼ਰਾਬ ਕਰਨ ਵਾਲਿਆਂ ਬਾਰੇ ਪ੍ਰਸ਼ਾਸਨ ਜਾਣਦਾ ਹੁੰਦਾ ਹੈ।