- ਈ.ਟੀ.ਓ. ਨੇ ਅੰਮ੍ਰਿਤਸਰ-ਮਜੀਠਾ-ਫਤਿਹਗੜ੍ਹ ਚੂੜੀਆਂ ਸੜ੍ਹਕ ਦਾ ਕੰਮ ਸ਼ੁਰੂ ਕਰਵਾਇਆ
ਅੰਮ੍ਰਿਤਸਰ 14 ਨਵੰਬਰ : ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਲੰਬੇ ਸਮੇਂ ਤੋਂ ਮੁਰੰਮਤ ਨੂੰ ਉਡੀਕ ਰਹੀ ਅੰਮ੍ਰਿਤਸਰ-ਮਜੀਠਾ-ਫਤਿਹਗੜ੍ਹ ਚੂੜੀਆਂ ਸੜ੍ਹਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਉਨਾਂ ਦੱਸਿਆ ਕਿ ਉਕਤ ਸੜ੍ਹਕ ਸੰਨ 2013 ਵਿੱਚ ਬਣਾਈ ਗਈ ਸੀ, ਪਰ ਉਸ ਮਗਰੋਂ ਕਿਸੇ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ। ਸ: ਹਰਭਜਨ ਸਿੰਘ ਨੇ ਕਿਹਾ ਕਿ ਵਿਭਾਗ ਦੀ ਨੀਤੀ ਅਨੁਸਾਰ ਇਹ ਸੜ੍ਹਕ 2018 ਵਿੱਚ ਬਣਨੀ ਚਾਹੀਦੀ ਸੀ ਪਰ ਮੌਕੇ ਦੀ ਸਰਕਾਰ ਨੇ ਇਕ ਇੱਟ ਵੀ ਇਸ ਸੜ੍ਹਕ ਤੇ ਨਹੀਂ ਲਾਈ। ਸਿੱਟੇ ਵਜੋਂ ਇਹ ਸੜ੍ਹਕ ਬਹੁਤ ਖਸਤਾ ਹਾਲਤ ਹੋ ਗਈ ਸੀ ਅਤੇ ਅੱਜ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਬਦੌਲਤ ਮੈਨੂੰ ਇਸ ਸੜ੍ਹਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਸਾਡੀ ਸਰਕਾਰ ਰਾਜ ਦੀ ਤਰੱਕੀ ਲਈ ਸਿਹਤ ਅਤੇ ਸਿੱਖਿਆ ਦੇ ਨਾਲ-ਨਾਲ ਰਾਜ ਦੇ ਮੁੱਢਲੇ ਢਾਂਚੇ ਨੂੂੰ ਮਜ਼ਬੂਤ ਕਰ ਰਹੀ ਹੈ, ਜਿਸ ਵਿੱਚ ਸੜ੍ਹਕਾਂ ਦਾ ਅਹਿਮ ਸਥਾਨ ਹੈ। ਉਨਾਂ ਦੱਸਿਆ ਕਿ ਜਿੱਥੇ ਨਵੀਆਂ ਸੜ੍ਹਕਾਂ ਬਣਾਈਆਂ ਜਾ ਰਹੀਆਂ ਹਨ, ਉਥੇ ਪੁਰਾਣੀਆਂ ਸੜ੍ਹਕਾਂ ਨੂੰ ਚੌੜਾ ਅਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਣ ਇਹ ਸੜ੍ਹਕ ਸੂਬਾ ਸਰਕਾਰ ਵਲੋਂ ਸੀ.ਆਰ.ਆਈ.ਐਫ. ਸਕੀਮ 2022-23 ਅਧੀਨ ਬਣਾਈ ਜਾ ਰਹੀ ਹੈ, ਜਿਸ ’ਤੇ ਤਕਰੀਬਨ 13.10 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਕਿ ਕਰੀਬ 14 ਕਿਲੋਮੀਟ ਦੀ ਇਹ ਸੜ੍ਹਕ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ, ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਸੜ੍ਹਕ ਦਾ ਟੈਂਡਰ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਠੇਕੇਦਾਰ ਵਲੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਸ੍ਰੀਮਤੀ ਗਨੀਵ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।