- ਪਸ਼ੂ ਪਾਲਣ ਵਿਭਾਗ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਰਾਹਤ ਕਾਰਜਾਂ ਵਿੱਚ ਲਿਆਂਦੀ ਤੇਜ਼ੀ
ਬਟਾਲਾ, 19 ਅਗਸਤ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਮਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਰਾਹਤ ਕਾਰਜ ਜਾਰੀ ਹਨ ਅਤੇ ਲੋਕਾਂ ਤੱਕ ਲੋੜੀਦੀਆਂ ਵਸਤਾਂ ਪਹੁੰਚਾਈਆਂ ਗਈਆਂ ਹਨ। ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਪਿੰਡ ਮਾੜੀ ਪੰਨਵਾਂ, ਭੈਣੀ ਪਸਵਾਲ ਨਾਨੋਵਾਲ ਜਿੰਦੜ, ਨਾਨੋਵਾਲ ਖੁਰਦ ਸਮੇਤ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵਲੋਂ ਪਸ਼ੂਆਂ ਦੀ ਸਿਹਤ ਦੀ ਜਾਂਚ ਆਦਿ ਕੀਤੀ ਜਾ ਰਹੀ ਹੈ। ਇਸੇ ਤਰਾਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੀ ਮਰੀਜਾਂ ਦਾ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੱਛਰ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਤਰਪਾਲਾਂ ਵੀ ਦਿੱਤੀਆਂ ਗਈਆਂ। ਉਨਾਂ ਨੇ ਅੱਗੇ ਦੱਸਿਆ ਕਿ ਜੋ ਲੋਕ ਰਾਹਤ ਕੈਂਪ ਵਿੱਚ ਗਏ ਸਨ, ਉਨਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਰਾਹਤ ਕੈਂਪ ਸਮੇਤ ਪਿੰਡਾਂ ਅੰਦਰ ਜਰੂਰਤ ਵਾਲੀਆਂ ਵਸਤਾਂ ਪੁਜਦਾ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਰਾਹਤ ਕਾਰਜਾਂ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਦੇ ਨਾਲ ਡਿਫੈਂਸ ਵਿਭਾਗ, ਸਮਾਜ ਸੇਵੀ ਸੰਸਥਾਵਾਂ ਤੇ ਲੋਕ ਵੱਡੀ ਭੂਮਿਕਾ ਨਿਭਾ ਰਹੇ ਹਨ। ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਲੋਕ ਲੋੜ ਪੈਣ ’ਤੇ ਹੈਲਪ ਲਾਈਨ ਨੰਬਰ 1800-180-1852 ਜਾਂ 112 ਨੰਬਰ ਤੇ ਫੋਨ ਕਰ ਸਕਦੇ ਹਨ, ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਕਰਨ ਲਈ ਉਨਾਂ ਦੇ ਨਾਲ ਖੜ੍ਹਾ ਹੈ।