- ਪਿੰਡ ਜਗਤਪੁਰ ਕਲਾਂ ਦੇ ਵਸਨੀਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੰਡਣ ਦੇ ਨਾਲ ਪਸ਼ੂਆਂ ਲਈ ਫੀਡ ਵੀ ਤਕਸੀਮ ਕੀਤੀ
ਗੁਰਦਾਸਪੁਰ, 19 ਅਗਸਤ : ਬਿਆਸ ਦਰਿਆ ਦਾ ਪਾਣੀ ਘੱਟਣ ਤੋਂ ਬਾਅਦ ਭਾਂਵੇ ਕਿ ਜਿਆਦਾਤਰ ਹੜ੍ਹ ਪ੍ਰਭਾਵਤ ਖੇਤਰ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ ਪਰ ਧੁੱਸੀ ਬੰਨ ਦੇ ਨਾਲ ਖੇਤਾਂ ਵਿੱਚ ਕੁਝ ਡੇਰੇ ਅਜੇ ਵੀ ਪਾਣੀ ਵਿੱਚ ਘਿਰੇ ਹੋਏ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਥੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਧੁੱਸੀ ਬੰਨ ਵਿੱਚ ਪਏ ਪਾੜ ਨੂੰ ਪੂਰਿਆ ਜਾ ਰਿਹਾ ਹੈ ਓਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਪਾਣੀ ਵਿੱਚ ਘਿਰੇ ਦੂਰ-ਦਰਾਜ਼ ਦੇ ਡੇਰਿਆਂ ਤੱਕ ਵੀ ਪਹੁੰਚ ਕਰਕੇ ਰਾਹਤ ਸਮੱਗਰੀ ਵੰਡ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਰਾਹਤ ਟੀਮ ਜਿਸਦੀ ਅਗਵਾਈ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਅਤੇ ਨਾਇਬ ਤਹਿਸੀਲਦਾਰ ਗੁਰਦਾਸਪੁਰ ਹਿਰਦੇਪਾਲ ਸਿੰਘ ਕਰ ਰਹੇ ਸਨ ਵੱਲੋਂ ਪਿੰਡ ਜਗਤਪੁਰ ਕਲਾਂ ਦੇ ਪਾਣੀ ਵਿੱਚ ਘਿਰੇ ਡੇਰਿਆਂ ਲਈ ਰਾਹਤ ਸਮੱਗਰੀ ਪਹੁੰਚਾਈ ਗਈ। ਜਗਤਪੁਰ ਕਲਾਂ ਦੇ ਨਜ਼ਦੀਕ ਹੀ ਧੁੱਸੀ ਬੰਨ ਵਿੱਚ ਪਾੜ ਪਿਆ ਹੈ ਅਤੇ ਓਥੋਂ ਲਗਾਤਾਰ ਪਾਣੀ ਪਿੰਡ ਅਤੇ ਪੂਰੇ ਇਲਾਕੇ ਵੱਲ ਆ ਰਿਹਾ ਹੈ। ਇਸ ਟੀਮ ਵੱਲੋਂ ਪਾਣੀ ਵਿੱਚੋਂ ਲੰਘ ਕੇ ਹੀ ਡੇਰਿਆਂ ’ਤੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਦੇਣ ਦੇ ਨਾਲ ਪਸ਼ੂਆਂ ਲਈ ਫੀਡ ਵੀ ਵੰਡੀ ਗਈ। ਇਸ ਰਾਹਤ ਟੀਮ ਵਿੱਚ ਮਾਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਮੌਕੇ ਰਾਹਤ ਟੀਮ ਨੇ ਪਿੰਡ ਜਗਤਪੁਰ ਕਲਾਂ ਵਿੱਚ ਵੀ ਲੋੜਵੰਦਾਂ ਨੂੰ ਰਾਹਤ ਸਮੱਗਰੀ ਵੰਡੀ ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡ ਜਗਤਪੁਰ ਕਲਾਂ ਸਮੇਤ ਹੜ੍ਹ ਪ੍ਰਭਾਵਤ ਇਲਾਕੇ ਦੇ ਵਸਨੀਕਾਂ ਨੂੰ ਕਿਹਾ ਹੈ ਕਿ ਉਹ ਬਿਲਕੁਲ ਨਾ ਘਬਰਾਉਣ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਧੁੱਸੀ ਦਾ ਬੰਨ ਬਹੁਤ ਜਲਦੀ ਬੰਨ ਲਿਆ ਜਾਵੇਗਾ ਜਿਸ ਤੋਂ ਬਾਅਦ ਇਹ ਇਲਾਕੇ ਵੀ ਪਾਣੀ ਦੀ ਮਾਰ ਤੋਂ ਬਚ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਇਸਤੋਂ ਇਲਾਵਾ ਜਦੋਂ ਵੀ ਉਨ੍ਹਾਂ ਨੂੰ ਕੋਈ ਲੋੜ ਮਹਿਸੂਸ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ 1800-180-1852 ’ਤੇ ਕਾਲ ਕਰ ਸਕਦੇ ਹਨ।