- ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਕੀਤੀ ਨਿਵੇਕਲੀ ਪਹਿਲ
- ਸੁਪਰਡੈਂਟ ਹਰਪਾਲ ਸਿੰਘ ਨੂੰ ਲੋਕ ਮਸਿਲਆਂ ਦੇ ਹੱਲ ਲਈ ਲਗਾਇਆ ਇੰਚਾਰਜ
ਅੰਮਿ੍ਰਤਸਰ, 25 ਜੂਨ 2024 : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਡਿਪਟੀ ਕਮਿਸ਼ਨਰ ਦਫਤਰ ਵਿਚ ਆਪਣੇ ਕੰਮਾਂ ਲਈ ਆਉਂਦੇ ਲੋਕਾਂ ਦੇ ਬੈਠਣ ਅਤੇ ਕੰਮਕਾਰ ਕਰਵਾਉਣ ਵਿਚ ਆਉਂਦੀ ਮੁਸ਼ਿਕਲ ਦਾ ਹੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਕੰਪਲੈਕਸ ਵਿਚ ਲੋਕਾਂ ਲਈ ਸਵਾਗਤ ਤੇ ਸਹਾਇਤਾ ਕੇਂਦਰ ਚਾਲੂ ਕਰਵਾਇਆ ਹੈ, ਜੋ ਕਿ ਆਪਣੀ ਤਰਾਂ ਦੀ ਨਿਵੇਕਲੀ ਪਹਿਲ ਹੈ। ਉਨਾਂ ਦੇ ਨਿਰਦੇਸ਼ ਹੇਠ ਕਮਰਾ ਨੰਬਰ 104, ਜੋ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜਿਲ ਉਤੇ ਸਥਿਤ ਹੈ, ਨੂੰ ਇਸ ਮਕਸਦ ਲਈ ਵਿਸ਼ੇਸ਼ ਤੌਰ ਉਤੇ ਤਿਆਰ ਕੀਤਾ ਗਿਆ ਹੈ। ਇਸ ਕਮਰੇ ਵਿਚ ਲੋਕਾਂ ਦੇ ਬੈਠਣ ਲਈ ਆਹਲਾ ਦਰਜੇ ਦਾ ਫਰਨੀਚਰ, ਵਾਤਾਅਨਕੂਲ ਮਾਹੌਲ, ਠੰਡਾ ਤੇ ਸਾਫ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਗਈ ਹੈ। ਇਸ ਸਵਾਗਤੀ ਤੇ ਸਹਾਇਤਾ ਕੇਂਦਰ ਦੇ ਇੰਚਾਰਜ ਸੁਪਰਡੈਂਟ ਗਰੇਡ 2 ਸ੍ਰੀ ਹਰਪਾਲ ਸਿੰਘ ਨੂੰ ਲਗਾ ਕੇ ਉਨਾਂ ਨਾਲ ਸਹਾਇਕ ਇੰਚਾਰਜ ਵਜੋਂ ਸ੍ਰੀ ਕਰਨਬੀਰ ਸਿੰਘ, ਜਸਪ੍ਰੀਤ ਕੌਰ, ਸ੍ਰੀਮਤੀ ਈਸ਼ਾ ਸ਼ਰਮਾ ਅਤੇ ਇਕ ਸੇਵਾਦਾਰ ਵੀ ਲਗਾਇਆ ਗਿਆ ਹੈ। ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਸਵਾਗਤੀ ਕੇਂਦਰ ਦਾ ਦੌਰਾ ਕੀਤਾ ਅਤੇ ਲੋਕਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸੇਵਾਵਾਂ ਦੇ ਵੇਰਵੇ ਲਏ। ਉਨਾਂ ਦੱਸਿਆ ਕਿ ਇਹ ਕੇਂਦਰ ਕਿਸੇ ਇਕ ਵਿਭਾਗ ਜਾਂ ਦਫਤਰ ਨਾਲ ਸਬੰਧਤ ਨਹੀਂ ਹੈ, ਬਲਕਿ ਜਿਲੇ ਵਿਚ ਕੰਮ ਕਰ ਰਹੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨਾਲ ਸਬੰਧਤ ਮਸਲੇ ਜੋ ਕਿ ਡਿਪਟੀ ਕਮਿਸ਼ਨਰ ਦਫਤਰ ਦੀ ਦਖਲਅੰਦਾਜੀ ਦੀ ਲੋੜ ਮਹਿਸੂਸ ਕਰਦੇ ਹੋਣਗੇ, ਵਿਚਾਰੇ ਜਾਣਗੇ। ਉਨਾਂ ਦੱਸਿਆ ਕਿ ਹਰੇਕ ਪਹੁੰਚੀ ਦਰਖਾਸਤ ਨੂੰ ਅੱਗੇ ਸਬੰਧਤ ਵਿਭਾਗ ਵਿਚ ਪੱਤਰ ਲਗਾ ਕੇ ਭੇਜਿਆ ਜਾਵੇਗਾ ਅਤੇ ਬਣਦੀ ਸੇਵਾ ਦਿੱਤੀ ਜਾਵੇਗੀ। ਉਨਾਂ ਦਫਤਰ ਵਿਚ ਤਾਇਨਾਤ ਕੀਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਹਰ ਲੋੜਵੰਦ ਦੀ ਗੱਲ ਸੁਣ ਕੇ ਉਸ ਨੂੰ ਸਿੱਧੇ ਰਾਹ ਪਾਉਣ ਅਤੇ ਜੇਕਰ ਲੋੜ ਮਹਿਸੂਸ ਹੋਵੇ ਤਾਂ ਉਸਦੀ ਦਰਖਾਸ਼ਤ ਲੈ ਕੇ ਆਪ ਅੱਗੇ ਵਿਭਾਗ ਨੂੰ ਭੇਜਣੀ ਯਕੀਨੀ ਬਨਾਉਣ, ਤਾਂ ਜੋ ਆਮ ਲੋਕਾਂ ਨੂੰ ਵੱਖ-ਵੱਖ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਇਸ ਮੌਕੇ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਵੀ ਹਾਜ਼ਰ ਸਨ।