ਗੁਰਦਾਸਪੁਰ, 22 ਜੁਲਾਈ 2024 : ਕੈਨੇਡਾ ਦੇ ਬਰੈਂਪਟਨ ‘ਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੜਾ ਦੀ ਲੜਕੀ ਲਖਵਿੰਦਰ ਕੌਰ (21) ਉਰਫ਼ ਕੋਮਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਦੌਰਾਨ ਉਸ ਦੇ ਦੋਸਤ ਵੀ ਉਸ ਦੇ ਨਾਲ ਸਨ। ਕੋਮਲ 10 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ 'ਤੇ ਵਿਦੇਸ਼ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ 21 ਸਾਲਾ ਭਤੀਜੀ ਲਖਵਿੰਦਰ ਕੌਰ ਉਰਫ਼ ਕੋਮਲ ਪੁੱਤਰੀ ਬਲਵਿੰਦਰ ਸਿੰਘ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ, ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਨਾਲ ਕਿਸੇ ਕੰਮ ਲਈ ਕਾਰ ਵਿੱਚ ਜਾ ਰਹੀ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ।ਇਸ ਹਾਦਸੇ ਦੀ ਪੁਸ਼ਟੀ ਕੈਨੇਡੀਅਨ ਪੁਲਿਸ ਨੇ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖਾ ਛਿੱਡਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਨੇ ਮਿਹਨਤ ਮਜ਼ਦੂਰੀ ਕਰ ਕੇ ਕੁਝ ਕਰਜ਼ਾ ਚੁੱਕ ਕੇ ਆਪਣੀ ਲੜਕੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਕਰੀਬ 10 ਮਹੀਨੇ ਪਹਿਲਾਂ ਉਸ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ।ਕੋਮਲ ਨੇ ਅਜੇ ਦੋ ਸਮੈਸਟਰ ਹੀ ਪੂਰੇ ਕੀਤੇ ਸਨ ਅਤੇ ਕਾਲਜ ਤੋਂ ਚਾਰ ਮਹੀਨੇ ਦੀ ਛੁੱਟੀ ਸੀ, ਇਸ ਲਈ ਉਹ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਸੀ ਅਤੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਕਤ ਪਰਿਵਾਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦ ਭਾਰਤ ਭੇਜੀ ਜਾਵੇ।