- ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ, ਆਰਥਿਕ ਪੱਖੋਂ ਕਮਜ਼ੋਰ ਅਤੇ ਘੱਟ ਗਿਣਤੀ ਵਰਗ 1359 ਲਾਭਪਾਤਰੀਆਂ ਨੂੰ ਮਿਲੇਗਾ ਲਾਭ
- ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਆਨਲਾਈਨ ਪੋਰਟਲ http://ashirwad.punjab.gov.in ‘ਤੇ ਕੀਤਾ ਜਾ ਸਕਦਾ ਹੈ ਅਪਲਾਈ-ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ
ਤਰਨ ਤਾਰਨ, 08 ਅਗਸਤ 2024 : ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਰੰਭ ਕੀਤੇ ਗਏ ਯਤਨਾਂ ਤਹਿਤ ਜ਼ਿਲਾ ਤਰਨ ਤਾਰਨ ਦੇ ਲਾਭਪਾਤਰੀਆਂ ਲਈ ਮਹੀਨਾ ਅਪ੍ਰੈਲ, 2023 ਤੋਂ ਜਨਵਰੀ, 2024 ਤੱਕ ਦੇ ਪ੍ਰਾਪਤ ਕੇਸਾਂ ਦੇ 1359 ਲਾਭਪਾਤਰੀਆਂ ਨੂੰ 06 ਕਰੋੜ 93 ਲੱਖ 09 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਮਹੀਨਾ ਅਪ੍ਰੈਲ, 2023 ਤੋਂ ਜਨਵਰੀ, 2024 ਤੱਕ ਦੇ ਪ੍ਰਾਪਤ ਕੇਸਾਂ ਦੇ 1359 ਲਾਭਪਾਤਰੀਆਂ ਨੂੰ ਇਸ ਰਾਸ਼ੀ ਦੀ ਅਦਾਇਗੀ ਆਨਲਾਈਨ ਮੈਨੇਜਮੈਂਟ ਸਿਸਟਮ ਰਾਹੀਂ ਸਿੱਧੇ ਉਹਨਾਂ ਦੇ ਬੈਂਕ ਖਾਤਿਆ ਵਿੱਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਅਪ੍ਰੈਲ, 2023 ਤੋਂ ਜਨਵਰੀ, 2024 ਤੱਕ ਦੇ ਪ੍ਰਾਪਤ ਕੇਸਾਂ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 857 ਲਾਭਪਾਤਰੀਆਂ ਨੂੰ 04 ਕਰੋੜ 37 ਲੱਖ 07 ਹਜ਼ਾਰ ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੱਛੜੀਆਂ ਸ੍ਰੇਣੀਆਂ, ਘੱਟ ਗਿਣਤੀ ਵਰਗ ਅਤੇ ਆਰਥਿਕ ਪੱਖੋਂ ਕਮਜ਼ੋਰ 502 ਲਾਭਪਾਤਰੀਆਂ ਨੂੰ 02 ਕਰੋੜ 56 ਲੱਖ 02 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਰਾਸ਼ੀ ਸਿੱਧੇ ਤੌਰ ‘ਤੇ ਡੀ. ਬੀ. ਟੀ. ਮੋਡ ਰਾਹੀਂ ਉਨਾਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਮਹੀਨਾ ਫਰਵਰੀ, 2024 ਤੋਂ ਜੁਲਾਈ, 2024 ਦੌਰਾਨ ਆਸ਼ੀਰਵਾਦ ਸਕੀਮ ਤਹਿਤ 940 ਕੇਸ ਪ੍ਰਾਪਤ ਹੋਏ ਹਨ, ਜੋ ਕਿ ਅਦਾਇਗੀ ਲਈ ਮੁੱਖ ਦਫ਼ਤਰ ਨੂੰ ਭੇਜੇ ਗਏ ਹਨ। ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤਰਨ ਤਾਰਨ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਆਨਲਾਈਨ ਪੋਰਟਲ ‘ਤੇ ਬਿਨੈ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ http://ashirwad.punjab.gov.in ‘ਤੇ ਅਰਜ਼ੀ ਆਨਲਾਈਨ ਭਰੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਆਨਲਾਈਨ ਪੋਰਟਲ ‘ਤੇ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰੀ ਅਰਜ਼ੀ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਘਰ ਬੈਠਿਆਂ ਹੀ ਅਪਲਾਈ ਕਰ ਸਕਦੇ ਹਨ। ਲਾਭਪਾਤਰੀ ਆਪਣੀ ਲੜਕੀ ਦੇ ਵਿਆਹ ਦੀ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਅਤੇ ਇੱਕ ਮਹੀਨਾ ਬਾਅਦ ਆਨਲਾਈਨ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।