ਪੰਜਾਬ ਸਰਕਾਰ ਵੱਲੋਂ ਸ਼ਾਹਪੁਰ ਕੰਢੀ ਡੈਮ ਦਾ ਕੰਮ ਜੁਲਾਈ 2023 ਦੇ ਅੰਤ ਤੱਕ ਮੁਕੰਮਲ ਕਰਨ ਲਈ ਕੰਪਨੀ ਨੂੰ ਸਖ਼ਤ ਹਦਾਇਤਾਂ

ਸ਼ਾਹਪੁਰ ਕੰਢੀ (ਪਠਾਨਕੋਟ) : ਸ਼ਾਹਪੁਰ ਕੰਢੀ ਡੈਮ ਦਾ ਕੰਮ ਜੁਲਾਈ 2023 ਦੇ ਅੰਤ ਤੱਕ ਮੁਕੰਮਲ ਕਰਨ ਲਈ ਉਸਾਰੀ ਕੰਪਨੀ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਸੰਬੰਧੀ ਪੰਜਾਬ ਸਰਕਾਰ ਵੱਲੋਂ ਬੈਠਕ ਕੀਤੀ ਗਈ। ਉਸਾਰੀ ਕੰਪਨੀ ਦੇ ਅਧਿਕਾਰੀਆਂ ਅਤੇ ਪੰਜਾਬ ਸਰੋਤ ਮਹਿਕਮੇ ਦੇ ਸਕੱਤਰ ਵਿਚਕਾਰ ਇਹ ਬੈਠਕ ਦੋ ਦਿਨ ਪਹਿਲਾਂ ਕੀਤੀ ਗਈ। ਇਸ ਪ੍ਰਾਜੈਕਟ ਦਾ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਪਰ ਇਸ ਵੇਲੇ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਪਠਾਨਕੋਟ ਜ਼ਿਲ੍ਹੇ 'ਚ ਰਾਵੀ ਦਰਿਆ ’ਤੇ ਬਣ ਰਹੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦਾ ਨੀਂਹ ਪੱਥਰ 1995 ਵਿੱਚ ਰੱਖਿਆ ਗਿਆ ਸੀ, ਪਰ ਉਸਾਰੀ ਦਾ ਕੰਮ 2014 ਵਿੱਚ ਸ਼ੁਰੂ ਹੋਇਆ ਸੀ। ਤਤਕਾਲੀ ਜੰਮੂ-ਕਸ਼ਮੀਰ ਸਰਕਾਰ ਦੇ ਇਤਰਾਜ਼ ਤੋਂ ਬਾਅਦ ਇਸ ਦਾ ਕੰਮ ਰੋਕ ਦਿੱਤਾ ਗਿਆ ਸੀ। ਬਾਅਦ ਵਿੱਚ ਕੰਮ ਸ਼ੁਰੂ ਹੋਇਆ, ਫਿਰ ਕਰੋਨਾ ਮਹਾਮਾਰੀ ਕਾਰਨ ਕੰਮ 'ਚ ਮੁੜ ਵਿਘਨ ਪਿਆ। ਇਸ ਪ੍ਰਾਜੈਕਟ ਦੀ ਲਾਗਤ ਲਗਭਗ 2715 ਕਰੋੜ ਤੈਅ ਕੀਤੀ ਗਈ ਸੀ, ਜੋ ਬਾਅਦ ਵਿੱਚ ਦੇਰੀ ਕਾਰਨ ਵਧ ਗਈ। ਇਸ ਡੈਮ ਪ੍ਰਾਜੈਕਟ ਦੇ ਬਣਨ ਨਾਲ 206 ਮੈਗਾਵਾਟ ਬਿਜਲੀ ਪੈਦਾ ਹੋਵੇਗੀ, ਅਤੇ ਰਾਵੀ ਦਰਿਆ ਰਾਹੀਂ ਪਾਕਿਸਤਾਨ ਨੂੰ ਜਾ ਰਹੇ ਪਾਣੀ ਦੀ ਢੁਕਵੀਂ ਵਰਤੋਂ ਕੀਤੀ ਜਾ ਸਕੇਗੀ। ਇਸ ਨਾਲ ਤਕਰੀਬਨ 40 ਹਜ਼ਾਰ ਏਕੜ ਜ਼ਮੀਨ ਦੀ ਸਿੰਚਾਈ ਦੀ ਸਹੂਲਤ ਵੀ ਹਾਸਲ ਹੋਵੇਗੀ। ਇਸ ਦੇ ਨਿਰਮਾਣ ਦੀ ਨਿਗਰਾਨ ਰਹੀ ਹਰ ਸਰਕਾਰ ਨੇ ਇਸ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ, ਪਰ ਇਹ ਪ੍ਰਾਜੈਕਟ ਹੁਣ ਤੱਕ ਮੁਕੰਮਲ ਨਹੀਂ ਹੋਇਆ। ਦੋ ਦਿਨ ਪਹਿਲਾਂ ਹੋਈ ਤਾਜ਼ਾ ਬੈਠਕ ਵੀ ਇਸੇ ਵਿਸ਼ੇ ’ਤੇ ਕੇਂਦਰਿਤ ਸੀ ਕਿ ਇਸ ਪ੍ਰਾਜੈਕਟ ਦਾ ਸਮੇਂ ਸਿਰ ਮੁਕੰਮਲ ਨਾ ਹੋਣਾ ਸਰਕਾਰ ਦੀ ਭਰੋਸੇਯੋਗਤਾ ’ਤੇ ਵੱਡਾ ਸਵਾਲ ਹੈ। ਨਿਰਮਾਣ ਕੰਪਨੀ ਨੇ ਫ਼ੰਡ ਦੀ ਗੱਲ ਕੀਤੀ ਤਾਂ ਸਰਕਾਰ ਨੇ ਇਸ ਵਾਸਤੇ ਫ਼ੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਪੰਜਾਬ ਨੂੰ ਬਿਜਲੀ ਅਤੇ ਸਿੰਚਾਈ ਦੇ ਖੇਤਰ 'ਚ ਹੋਰ ਮਜ਼ਬੂਤੀ ਹਾਸਲ ਹੋਵੇਗੀ।