- ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਅਤੇ ਕਾਹਨੂੰਵਾਨ ਹੜ੍ਹ ਪੀੜਿਤ ਇਲਾਕਿਆਂ ਦਾ ਕੀਤਾ ਦੌਰਾ
ਕਾਦੀਆਂ, 17 ਅਗਸਤ : ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਅਤੇ ਕਾਹਨੂੰਵਾਨ ਦੇ ਆਸ ਪਾਸ ਦੇ ਹੜ੍ਹ ਪੀੜਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵਰਤੀ ਜਾ ਰਹੀ ਢਿੱਲ-ਮੱਠ ਦੀ ਆਲੋਚਨਾ ਕੀਤੀ।ਭਗਵੰਤ ਮਾਨ ਦੇ ਬਿਆਨ, ਮੇਲੇ 'ਚ ਲੁਟੇਰਿਆਂ ਨੂੰ ਕੌਣ ਪੁੱਛਦਾ ਤੇ ਵੀ ਪ੍ਰਤਾਪ ਬਾਜਵਾ ਨੇ ਤੰਜ ਕੱਸਿਆ ਅਤੇ ਕਿਹਾ ਕਿ ਇਹ ਸਮਾਂ ਮੁੱਖ ਮੰਤਰੀ ਵਲੋਂ ਛੱਡੇ ਗਏ ਇਸ ਮਜ਼ਾਕੀਆ ਜੁਮਲੇ ਦਾ ਜਵਾਬ ਦੇਣ ਦਾ ਨਹੀਂ ਹੈ। ਪੰਜਾਬ ਹੜਾਂ ਤੋਂ ਉਬਰ ਜਾਵੇ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦਾ ਜਵਾਬ ਵੀ ਦੇਣਗੇ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੌਂਗ ਡੈਮ ਤੋਂ ਛੱਡੇ ਗਏ ਵਾਧੂ ਪਾਣੀ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਮੁਕੇਰੀਆਂ ਅਤੇ ਦਸੂਹਾ ਸਬ-ਡਵੀਜ਼ਨਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਉਨ੍ਹਾਂ ਕਿਹਾ ਕਿ 1962 ਵਿੱਚ ਦੀਨਾਨਗਰ ਤੋਂ ਸ੍ਰੀ ਹਰਗੋਬਿੰਦਪੁਰ ਤੱਕ ਬਣਾਈ ਗਈ ਧੁੱਸੀ ਕਾਫੀ ਪੁਰਾਣੀ ਹੋ ਚੁੱਕੀ ਹੈ। ਬਰਸਾਤ ਤੋਂ ਪਹਿਲਾਂ ਸਰਕਾਰ ਨੂੰ ਇਸ ਦੀ ਮੁਰਮੰਤ ਦੇ ਕੰਮ ਬਾਰੇ ਸੋਚਣਾ ਚਾਹੀਦਾ ਸੀ ਅਤੇ ਪਾਣੀ ਛੱਡਣ ਤੋਂ ਪਹਿਲਾਂ ਹੀ ਇਹ ਕੰਮ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਹੁਣ ਉਹ ਆਪਣੇ ਤੌਰ ਤੇ ਇਰੀਗੇਸ਼ਨ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਕੇ ਧੁੱਸੀ ਬਾਰੇ ਕੁਝ ਕਰਨਗੇ। ਮੇਲੇ 'ਚ ਲੁਟੇਰਿਆਂ ਨੂੰ ਕੌਣ ਪੁੱਛਦਾ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਪਾਣੀ 'ਚ ਡੁੱਬ ਰਿਹਾ ਹੈ ਤੇ ਮੁਖਮੰਤਰੀ ਉਸ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿੰਨੀਆਂ ਫਸਲਾਂ ਡੁੱਬੀਆਂ ਹਨ ਅਤੇ ਕਿੰਨੇ ਡੰਗਰ ਮਵੇਸ਼ੀ ਮਰ ਚੁੱਕੇ ਹਨ ? ਅਜਿਹੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਸਹਾਰਾ ਤੇ ਮੁਆਵਜਾ ਦੇਣ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਅਜਿਹੇ ਮਜਾਕ ਭਰੇ ਬਿਆਨ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਇਸ ਜੁਮਲੇ ਦਾ ਜਵਾਬ ਦੇਣਗੇ ਪਰ ਕੁਝ ਸਮੇਂ ਬਾਅਦ ਜਦੋਂ ਪੰਜਾਬ ਦੇ ਹਾਲਾਤ ਕੁਝ ਕਾਬੂ ਵਿੱਚ ਆ ਜਾਣਗੇ।