- ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕਰਨਗੇ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ’ ਦਾ ਉਦਘਾਟਨ
- ਜੋਸ਼ ਉਤਸਵ ਦੌਰਾਨ ਢਾਡੀ ਵਾਰਾਂ, ਗਤਕਾ, ਨਾਟਕ ਤੇ ਹੋਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ
- ਪ੍ਰਸਿੱਧ ਪੰਜਾਬੀ ਲੋਕ ਗਾਇਕ ਨਛੱਤਰ ਗਿੱਲ, ਰਾਜਵੀਰ ਜਵੰਦਾ, ਗੁਰਵਿੰਦਰ ਬਰਾੜ ਤੇ ਹਰਭਜਨ ਸ਼ੇਰਾ ਤਿੰਨੇ ਦਿਨ ਜੋਸ਼ ਉਤਸਵ ਦੌਰਾਨ ਬੰਨਣਗੇ ਰੰਗ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਜੋਸ਼ ਉਤਸਵ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ
ਗੁਰਦਾਸਪੁਰ, 25 ਅਕਤੂਬਰ : ਪੰਜਾਬ ਸਰਕਾਰ ਵੱਲੋਂ 27 ਤੋਂ 29 ਅਕਤੂਬਰ ਤੱਕ ਗੁਰਦਾਸਪੁਰ ਵਿਖੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਜ ਪੱਧਰੀ ‘ਜੋਸ਼ ਉਤਸਵ’ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ ਸਬੰਧੀ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 27 ਅਕਤੂਬਰ ਨੂੰ ਬਾਅਦ ਦੁਪਹਿਰ 3:00 ਵਜੇ ਸੂਬੇ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਵੱਲੋਂ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ’ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋਸ਼ ਉਤਸਵ ਦੌਰਾਨ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਢਾਡੀ ਵਾਰਾਂ, ਗਤਕਾ, ਨਾਟਕ, ਫ਼ੌਜੀ ਬੈਂਡ ਤੇ ਪੰਜਾਬ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸ਼ਹੀਦ ਹੋਏ ਫ਼ੌਜੀ ਵੀਰਾਂ ਦੀਆਂ ਬਹਾਦਰੀ ਗਥਾਵਾਂ ਦੱਸੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ‘ਜੋਸ਼ ਉਤਸਵ’ ਸਬੰਧੀ ਵਿਸ਼ੇਸ਼ ਸਟੇਜ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਸ਼ਾਮ 27 ਅਕਤੂਬਰ ਨੂੰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਨੱਛਤਰ ਗਿੱਲ ਅਤੇ ਰਾਜਵੀਰ ਜਵੰਦਾ ਵੱਲੋਂ ਜੋਸ਼ ਉਤਸਵ ਦੌਰਾਨ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ ਜਾਵੇਗੀ। ਇਸਤੋਂ ਅਗਲੇ ਦਿਨ 28 ਅਕਤੂਬਰ ਦੀ ਸ਼ਾਮ ਨੂੰ ਪ੍ਰਸਿੱਧ ਲੋਕ ਗਾਇਕ ਗੁਰਵਿੰਦਰ ਬਰਾੜ ਅਤੇ 29 ਅਕਤੂਬਰ ਦੀ ਸ਼ਾਮ ਨੂੰ ਸਮਾਪਤੀ ਸਮਾਰੋਹ ਮੌਕੇ ਪ੍ਰਸਿੱਧ ਲੋਕ ਗਾਇਕ ਹਰਭਜਨ ਸ਼ੇਰਾ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮੰਨੋਰੰਜ਼ਨ ਕਰਨਗੇ। ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜੋਸ਼ ਉਤਸਵ ਦੌਰਾਨ ਖਾਣ-ਪੀਣ ਦੇ ਵੱਖ-ਵੱਖ ਸਟਾਲ ਲਗਾਉਣ ਦੇ ਨਾਲ ਬੱਚਿਆਂ ਦੇ ਮੰਨੋਰੰਜ਼ਨ ਲਈ ਝੂਲੇ ਆਦਿ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਬੈਠਣ ਅਤੇ ਵਾਹਨਾਂ ਦੀ ਪਾਰਕਿੰਗ ਆਦਿ ਦੇ ਵੀ ਵਧੀਆ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋਸ਼ ਉਤਸਵ ਲਈ ਐਂਟਰੀ ਬਿਲਕੁਲ ਮੁਫ਼ਤ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ 27 ਤੋਂ 29 ਅਕਤੂਬਰ ਤੱਕ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਹੋ ਰਹੇ ‘ਸਰਦਾਰ ਹਰੀ ਸਿੰਘ ਨਲਵਾ ਜੋਸ਼ ਉਤਸਵ’ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।