- 1 ਦਸੰਬਰ 2024 ਨੂੰ ਸਿਫ਼ਤੀ ਇੰਟਰਨੈਸ਼ਨਲ ਵਿਖੇ ਲੱਗੇਗਾ ਖੂਨਦਾਨ ਕੈਂਪ
ਅੰਮ੍ਰਿਤਸਰ, 26 ਨਵੰਬਰ 2024 : ਖੂਨਦਾਨ ਕਰਨਾ ਇਕ ਉਤਮ ਦਾਨ ਹੈ ਅਤੇ ਇਸ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਵਲੋਂ ਨਾਲੇਜ ਵਿੱਲਾ ਇੰਟੀਗ੍ਰੇਟਿਡ ਐਜੂਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 1 ਦਸੰਬਰ 2024 ਨੂੰ ਅੰਮ੍ਰਿਤਸਰ ਸਿਫ਼ਤੀ ਇੰਟਰਨੈਸ਼ਨਲ ਕੋਰਟ ਰੋਡ ਅੰਮ੍ਰਿਤਸਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਦਿਲ ਦੇ ਦੌਰੇ ਦੀ ਰੋਕਥਾਮ ਹੁੰਦੀ ਹੈ ਅਤੇ ਸਾਡੇ ਸ਼ਰੀਰ ਵਿੱਚ ਆਈਰਨ ਦੇ ਪੱਧਰ ਨੂੰ ਵੀ ਇਹ ਬਣਾ ਕੇ ਰਖਦਾ ਹੈ। ਉਨਾਂ ਕਿਹਾ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਡੋਨਰ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਖੂਨਦਾਨੀ ਦਾ ਵਜ਼ਨ 45 ਕਿਲੋ ਤੋਂ ਵੱਧ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਖੂਨਦਾਨ ਕਰਨ ਲਈ ਤਿੰਨ ਮਹੀਨੇ ਦਾ ਅੰਤਰ ਹੋਣਾ ਵੀ ਜ਼ਰੂਰੀ ਹੈ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਖੂਨਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨਾਂ ਦਸਿਆ 1 ਦਸੰਬਰ ਨੂੰ ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗੇਗਾ। ਉਨਾਂ ਸਮੂਹ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਵਿਸ਼ਾਲ ਖੂਨਦਾਨ ਦਾ ਹਿੱਸਾ ਜ਼ਰੂਰ ਬਣਨ।