ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦੇ ਝੋਨੇ ਬਦਲੇ ਕਿਸਾਨਾਂ ਨੂੰ 28 ਕਰੋੜ 81 ਲੱਖ ਰੁਪਏ ਦੀ ਕੀਤੀ ਅਦਾਇਗੀ

  • ਕਿਸਾਨਾਂ ਨੂੰ ਝੋਨੇ ਦੀ ਫਸਲ ਕੱਟਣ ਉੁਪਰੰਤ ਪਰਾਲੀ ਨਾ ਸਾੜਨ ਦੀ ਅਪੀਲ

ਗੁਰਦਾਸਪੁਰ, 16 ਅਕਤੂਬਰ 2024 : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਮੰਡੀਆਂ ਵਿੱਚ ਖਰੀਦ ਕੀਤੇ ਝੋਨੇ ਦੀ ਮਿਥੇ ਸਮੇਂ ਵਿੱਚ ਅਦਾਇਗੀ ਵੀ ਕੀਤੀ ਜਾ ਰਹੀ ਹੈ ਅਤੇ ਖਰੀਦੇ ਝੋਨੇ ਬਦਲੇ ਕਿਸਾਨਾਂ ਨੂੰ 28 ਕਰੋੜ 81 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਫਸਲ ਵੇਚਣ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਅੱਗੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਪਰਬੰਧ ਕੀਤੇ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ ਝੋਨੇ ਦੀ ਫਸਲ ਕੱਟਣ ਉਪਰੰਤ ਪਰਾਲੀ ਨਾ ਸਾੜੀ ਜਾਵੇ ਅਤੇ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 6949 ਮੀਟਰਕ ਟਨ, ਮਾਰਕਫੈੱਡ ਵਲੋਂ 4908 ਮੀਟਰਕ ਟਨ, ਪਨਸਪ ਵਲੋਂ 5861 ਮੀਟਰਕ ਟਨ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 1964  ਟਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ। ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਬੀਤੀ ਦੇਰ ਸ਼ਾਮ ਤੱਕ ਸਰਕਾਰੀ ਖਰੀਦ ਏਜੰਸੀਆਂ ਵਲੋਂ 19682 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।