ਅੰਮ੍ਰਿਤਸਰ, 2 ਸਤੰਬਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਹ ਡਰੋਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਸਖਤ ਸੁਰੱਖਿਆ ਨੂੰ ਪਾਰ ਕਰਨ ‘ਚ ਸਫਲ ਰਿਹਾ ਹੈ ਪਰ ਇਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਹੁਕਮਾਂ ‘ਤੇ ਬਣਾਈ ਗਈ ਗ੍ਰਾਮ ਸੁਰੱਖਿਆ ਕਮੇਟੀ (ਵੀਡੀਸੀ) ਦੀ ਮਦਦ ਨਾਲ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ 400 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਅਨੁਸਾਰ ਇਹ ਡਰੋਨ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧੁੰਆ ਖੁਰਦ ਤੋਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਨੂੰ ਵੀ.ਡੀ.ਸੀ.ਕਮੇਟੀ ਵੱਲੋਂ ਦੇਖਿਆ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਖੇਤਾਂ ਵਿੱਚੋਂ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਡਰੋਨ ਨਾਲ ਇੱਕ ਬੋਤਲ ਬੰਨ੍ਹੀ ਹੋਈ ਸੀ, ਜਿਸ ਵਿੱਚ 400 ਗ੍ਰਾਮ ਹੈਰੋਇਨ ਸੀ। ਪੁਲਸ ਨੇ ਇਸ ਨੂੰ ਕਬਜ਼ੇ ‘ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।