ਤਰਨ ਤਾਰਨ, 29 ਅਗਸਤ 2024 : ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਹਿੱਤ ਚਲਾਈ ਗਈ ਇੱਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਅੱਜ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਵੱਲੋਂ ਜ਼ਿਲ੍ਹਾ ਪੱਧਰ 'ਤੇ ਗ੍ਰਾਮ ਪੰਚਾਇਤ ਕੱਲ੍ਹਾ ਬਲਾਕ ਖਡੂਰ ਸਾਹਿਬ ਵਿਖੇ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟ ਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਫੁੱਲਦਾਰ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 'ਤੇ ਉਹਨਾਂ ਵੱਲੋਂ ਸੈਨੀਟੇਸ਼ਨ ਨਾਲ ਸਬੰਧਤ ਵੱਖ-ਵੱਖ ਚੱਲ ਰਹੇ ਪ੍ਰੋਜੈਕਟਾਂ ਦਾ ਦੌਰਾ ਕੀਤਾ, ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਬਣੀ ਜਲ ਸਪਲਾਈ ਸਕੀਮ ਦਾ ਦੌਰਾ ਕਰਵਾਇਆ ਗਿਆ ਜਿਸ ਤੋਂ ਪਿੰਡ ਵਾਸੀਆਂ ਨੂੰ ਨਿਰਵਿਘਨ ਪੀਣ ਯੋਗ ਪਾਣੀ ਦੀ ਸਪਲਾਈ ਮਿਲ ਰਹੀ ਹੈ । ਇਸ ਤੋਂ ਬਾਅਦ ਉਹਨਾਂ ਵੱਲੋਂ ਤਰਲ ਕੂੜਾ ਪ੍ਰਬੰਧਨ ਪ੍ਰੋਜੈਕਟ ਤੋਂ ਦੌਰਾ ਕੀਤਾ ਗਿਆ , ਜਿੱਥੇ ਕਿ ਇੱਕ ਛੱਪੜ ਦਾ ਸੁੰਦਰੀਕਰਨ ਕਰਕੇ ਹਰਿਆਵਲ ਝੀਲ ਦਾ ਨਿਰਮਾਣ ਕੀਤਾ ਗਿਆ ਹੈ । ਇਸ ਛੱਪੜ ਦੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਮੱਛੀ ਪਾਲਣ ਕੀਤਾ ਜਾ ਰਿਹਾ , ਜਿਸ ਤੋਂ ਗ੍ਰਾਮ ਪੰਚਾਇਤ ਨੂੰ ਸਲਾਨਾ ਆਮਦਨ ਪ੍ਰਾਪਤ ਹੁੰਦੀ ਹੈ । ਇਸ ਛੱਪੜ ਦੇ ਪਾਣੀ ਨੂੰ ਟਰੀਟ ਕਰਕੇ 100 ਏਕੜ ਪਿੰਡ ਦੀ ਖੇਤੀਯੋਗ ਜ਼ਮੀਨ ਦੀ ਸਿੰਚਾਈ ਕੀਤੀ ਜਾ ਰਹੀ ਹੈ । ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਬਣਾਏ ਗਏ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਸਾਂਝੇ ਪਖਾਨੇ, ਪਿੰਡ ਵਿੱਚ ਬਣੇ ਬਹੁਤ ਹੀ ਸੁੰਦਰ ਚਾਰ ਪਾਰਕ, ਚਾਰ ਸ਼ਮਸਾਨ ਘਾਟ, ਬੱਚਿਆਂ ਦਾ ਪਾਰਕ, ਪੰਚਾਇਤ ਘਰ, ਲਾਇਬਰੇਰੀ, ਜਿੰਮ ਦਾ ਦੌਰਾ ਕਰਵਾਇਆ ਗਿਆ । ਗ੍ਰਾਮ ਪੰਚਾਇਤ ਵੱਲੋਂ ਹੁਣ ਗਿੱਲ ਕੂੜੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ ਦੀ ਸ਼ੁਰੂਆਤ ਕਰ ਲਈ ਗਈ ਹੈ ਅਤੇ ਅਗਲੇ 10 ਦਿਨਾਂ ਵਿੱਚ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ ਅਤੇ ਇਹ ਪਿੰਡ ਓ. ਡੀ. ਐੱਫ ਪਲੱਸ ਮਾਡਲ ਸ਼੍ਰੇਣੀ ਦੇ ਪਿੰਡਾਂ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ । ਮੌਕੇ ਤੇ ਹਾਜ਼ਰ ਸ਼੍ਰੀ ਸੁਖਵਿੰਦਰ ਸਿੰਘ ਗਿੱਲ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ , ਖਡੂਰ ਸਾਹਿਬ , ਸ਼੍ਰੀ ਰਣਜੀਤ ਸਿੰਘ ਜੇ.ਈ ਪੰਚਾਇਤੀ ਰਾਜ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਕੰਮ ਨੂੰ ਜਲਦ ਤੋ ਜਲਦ ਮੁਕੰਮਲ ਕਰਵਾਉਣ ਲਈ ਹਦਾਇਤ ਕੀਤੀ ਗਈ| ਇਸ ਤੋਂ ਇਲਾਵਾ ਸ਼੍ਰੀ ਵਿਕਰਮ ਸਿੰਘ , ਜੂਨੀਅਰ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਪਲਾਸਟਿਕ ਮੈਨੇਜਮੈਂਟ ਯੂਨਿਟ ਵਿਖੇ ਬੈਲਿੰਗ ਮਸ਼ੀਨ ਦਾ ਪ੍ਰਬੰਧ ਕਰਕੇ ਬਲਾਕ ਪੱਧਰ 'ਤੇ ਸਥਾਪਿਤ ਇਸ ਪ੍ਰੋਜੈਕਟ ਨੂੰ ਚਾਲੂ ਕੀਤਾ ਜਾਵੇ ਤਾਂ ਜੋ ਪੂਰੇ ਬਲਾਕ ਦੀਆਂ ਗ੍ਰਾਮ ਪੰਚਾਇਤਾਂ ਇਸ ਦਾ ਲਾਭ ਉਠਾ ਸਕਣ । ਇਸ ਮੌਕੇ ਤੇ ਆਪ ਪਾਰਟੀ ਦੇ ਆਗੂ ਸ਼੍ਰੀ ਸੁਖਵੰਤ ਸਿੰਘ ਬਿੱਲਾ ਪ੍ਰਧਾਨ , ਮਾਸਟਰ ਸਤਿੰਦਰ ਸਿੰਘ, ਮਾਸਟਰ ਬਲਦੇਵ ਸਿੰਘ ਸਮਾਜਸੇਵੀ , ਸ੍ਰੀ ਦਿਲਬਾਗ ਸਿੰਘ , ਨੰਬਰਦਾਰ ਸਤਨਾਮ ਸਿੰਘ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਸ਼੍ਰੀ ਜਗਦੀਪ ਸਿੰਘ ਆਈ.ਈ,ਸੀ ਕੌਆਰਡੀਨੇਟਰ , ਸ਼੍ਰੀ ਓਂਕਾਰ ਸਿੰਘ ਜੂਨੀਅਰ ਇੰਜੀਨੀਅਰ, ਸ਼੍ਰੀ ਪਰਮਜੀਤ ਸਿੰਘ , ਸ਼੍ਰੀ ਮੱਖਣ ਸਿੰਘ ਡੀ.ਈ.ਓ ਹਾਜ਼ਰ ਸਨ । ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਗਏ ਵਿਲੱਖਣ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਪਿੰਡ ਬਾਕੀ ਪਿੰਡਾਂ ਲਈ ਪ੍ਰਰੇਣਾ ਸਰੋਤ ਦੇ ਤੌਰ 'ਤੇ ਕੰਮ ਕਰ ਰਿਹਾ ਹੈ ।