- ਸ਼ਹੀਦੀ ਫਤਿਹ ਮਾਰਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਵੇਗਾ
ਅੰਮ੍ਰਿਤਸਰ 11 ਮਾਰਚ : ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਸਮੇਂ ਮਹੱਜ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਸ਼ਬਦ ਕੀਰਤਨ ਸਮਾਗਮ ਹੋਏੇ ਜਿਸ ਵਿਚ ਪੰਜਾਬ ਭਰ ਦੀਆਂ 75 ਸੁਸਾਇਟੀਆਂ ਨੇ ਸਮੂਲੀਅਤ ਕੀਤੀ। ਬੀਬੀਆਂ ਦੇ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਾਰੀਆਂ ਸੁਸਾਇਟੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਰ ਰੋਜ਼ਾ ਗੁਰਮਤਿ ਸਮਾਗਮ ਚੱਲ ਰਹੇ ਹਨ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਇਕ ਸਾਲ ਤੋਂ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਲਗਾਤਾਰ ਪਾਠ ਪ੍ਰਵਾਹ ਚੱਲ ਰਹੇ ਹਨ। ਉਨਾਂ੍ਹ ਕਿਹਾ ਕਿ ਕੱਲ 12 ਮਾਰਚ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਹੀਦੀ ਫਤਿਹ ਮਾਰਚ ਅਰੰਭ ਹੋਵੇਗਾ। ਉਨਾਂ੍ਹ ਕਿਹਾ ਕਿ ਪੂਰਨ ਖਾਲਸਾਈ ਜਾਹੋ ਜਲਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਗੁਰੂ ਸਾਹਿਬਾਨ ਵੱਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਨਿਗਾਰਿਆ ਦੀ ਤਾਬਿਆ ਸ਼ਹੀਦੀ ਫਤਿਹ ਮਾਰਚ ਚਲੇਗਾ। ਜਿਸ ਵਿਚ ਸਮੂਹ ਨਿਹੰਗ ਸਿੰਘ ਦਲਾਂ ਦੇ ਮੁਖੀ ਘੋੜਿਆ, ਊਠਾਂ, ਹਾਥੀਆਂ ਤੇ ਸਮੂਲੀਅਤ ਕਰਨਗੇ ਅਤੇ ਬੱਘੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਨਿਹੰਗ ਬਾਬਾ ਬਲਬੀਰ ਸਿੰਘ ਨੇ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਇਕ ਸਾਲ 2024 ਤੀਕ ਇਹ ਸਮਾਗਮ ਚੱਲਦੇ ਰਹਿਣਗੇ। ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ. ਸਤਨਾਮ ਸਿੰਘ ਆਹਲੂਵਾਲੀਆ ਨੇ ਮੈਡੀਕਲ ਕੈਂਪ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਗੁਰੂ ਕਾ ਲੰਗਰ ਅਤੇ ਸੰਤ ਬਾਬਾ ਸੁਲੱਖਣ ਸਿੰਘ ਪੰਜਵੜ ਵਾਲਿਆ ਵੱਲੋਂ ਚਾਹ ਪਕੋੜਿਆਂ ਦੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਉਪਰੰਤ ਸੁਖਮਨੀ ਸੇਵਾ ਸੁਸਾਇਟੀਆਂ ਜਿਨ੍ਹਾਂ ਵਿਚ ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਗੁਰਸ਼ਰਨ ਕੌਰ, ਬੀਬੀ ਤੇਜ ਕੌਰ, ਬੀਬੀ ਦੇਵਿੰਦਰ ਕੌਰ, ਸ. ਗੁਰਦੀਪ ਸਿੰਘ ਸਲੂਜਾ ਅਤੇ ਸਾਰੀਆਂ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਜਸਵਿੰਦਰ ਸਿੰਘ ਜੱਸੀ, ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਅਤੇ ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਾਮਦਾਸ, ਸ. ਜਗਤਾਰ ਸਿੰਘ ਖੋਦੇਬੇਟ, ਸ. ਹਰਭਜਨ ਸਿੰਘ ਵਕਤਾ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਹਰਵਿੰਦਰ ਸਿੰਘ ਝਾੜ ਸਾਹਿਬ ਵਾਲੇ, ਬਾਬਾ ਜੱਸਾ ਸਿੰਘ, ਬਾਬਾ ਕਰਮ ਸਿੰਘ, ਬਾਬਾ ਭਗਤ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਛਿੰਦਾ ਭਿਖੀਵਿੰਡ, ਸ. ਜਸਬੀਰ ਸਿੰਘ ਬੈਂਕ ਵਾਲੇ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਪਰਮਜੀਤ ਸਿੰਘ ਬਾਜਵਾ, ਸ. ਇੰਦਰਪਾਲ ਸਿੰਘ ਫੌਜੀ, ਸ. ਬਿਨੋਜ ਸਿੰਘ ਹਾਜ਼ਰ ਸਨ। ਸ. ਦੇਵਿੰਦਰ ਸਿੰਘ, ਸ. ਭਗਵਾਨ ਸਿੰਘ ਜੌਹਲ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।