ਤਰਨਤਾਰਨ : ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ਵਿੱਚ ਅੱਜ ਐਤਵਾਰ ਨੂੰ ਬੰਬ ਡਿਟੈਕਸ਼ਨ ਐਂਡ ਡਿਸਪੋਜਲ ਦਸਤੇ (ਬੀਡੀਡੀਐਸ) ਦੇ ਮੈਂਬਰ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਹੈ। ਅੱਤਵਾਦੀ ਹਮਲੇ ਦੀ ਚਿਤਾਵਨੀ ਦੇ ਵਿਚਕਾਰ ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਆਰਪੀਜੀ (ਰਾਕੇਟ ਪ੍ਰੋਪੇਲਡ ਗ੍ਰੇਨੇਡ) ਨਾਲ ਹਮਲਾ ਕੀਤਾ ਗਿਆ। ਸੱਤ ਮਹੀਨਿਆਂ ਵਿੱਚ ਇਹ ਦੂਜਾ ਆਰਪੀਜੀ ਹਮਲਾ ਹੈ। ਜਿਸ ਸਮੇਂ ਹਮਲਾ ਹੋਇਆ, ਉਸ ਸਮੇਂ ਐਸਐਚਓ ਸਮੇਤ ਅੱਠ ਤੋਂ ਦਸ ਪੁਲੀਸ ਮੁਲਾਜ਼ਮ ਥਾਣੇ ਵਿੱਚ ਮੌਜੂਦ ਸਨ। ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਘਟਨਾ ਸਥਾਨ ਦਾ ਦੌਰਾ ਕਰਨ ਆਏ ਡੀਜੀਪੀ ਗੌਰਵ ਯਾਦਵ ਨੇ ਮੰਨਿਆ ਸੀ ਕਿ ਇਹ ਅੱਤਵਾਦੀ ਹਮਲਾ ਹੈ।ਹਮਲੇ ਵਿੱਚ ਵਰਤਿਆ ਗਿਆ ਆਰਪੀਜੀ ਇੱਕ ਮਿਲਟਰੀ-ਗ੍ਰੇਡ ਹਾਰਡਵੇਅਰ ਹੈ, ਜਿਸ ਨੂੰ ਇੱਕ ਰਾਕੇਟ ਲਾਂਚਰ ਤੋਂ ਦਾਗਿਆ ਗਿਆ ਸੀ। ਪਾਕਿਸਤਾਨ ਤੋਂ ਇਸ ਦੀ ਤਸਕਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਬੀਐਸਐਫ ਅਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਮਾਮਲੇ ਦੀ ਜਾਂਚ ਕਰੇਗੀ। ਇਸ ਦੌਰਾਨ ਐਨਆਈਏ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਨਆਈਏ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਸੱਤ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।