ਸਰਹੱਦੀ ਖੇਤਰ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਵੀ ਕੰਮ ਕਰੇ ਐਨਸੀਸੀ - ਡਿਪਟੀ ਕਮਿਸ਼ਨਰ

  • ਐਨ.ਸੀ.ਸੀ. ਗਰੁੱਪ ਕਮਾਂਡਰ ਵੱਲੋਂ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨਾਲ ਮੀਟਿੰਗ

ਅੰਮ੍ਰਿਤਸਰ 20 ਨਵੰਬਰ 2024 : ਬ੍ਰਿਗੇਡੀਅਰ ਕੇ ਐਸ ਬਾਵਾ, ਗਰੁੱਪ ਕਮਾਂਡਰ, ਅੰਮ੍ਰਿਤਸਰ ਅਤੇ ਕਰਨਲ ਪਵਨਦੀਪ ਸਿੰਘ ਬੱਲ, ਐਸ ਐਮ, ਕਮਾਂਡਿੰਗ ਅਫਸਰ, 1 ਪੰਜਾਬ ਬਟਾਲੀਅਨ ਐਨ.ਸੀ.ਸੀ. ਨੇ ਐਨਸੀਸੀ ਦੀਆਂ ਜਰੂਰੀ ਲੋੜਾਂ ਨੂੰ ਲੈ ਕੇ ਸ਼੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇੱਕ ਘੰਟੇ ਦੀ ਮੀਟਿੰਗ ਦੌਰਾਨ ਐਨ.ਸੀ.ਸੀ. ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਐਨ.ਸੀ.ਸੀ. ਸਿਖਲਾਈ ਖੇਤਰ ਲਈ ਜ਼ਮੀਨ ਦੀ ਉਪਲਬਧਤਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਗਰੁੱਪ ਕਮਾਂਡਰ ਨੇ ਦਲੀਲ ਦਿੱਤੀ ਕਿ ਐਨਸੀਸੀ ਸਿਖਲਾਈ ਖੇਤਰ (ਐਨਟੀਏ) ਦੀ ਸਿਰਜਣਾ ਕੈਡਿਟਾਂ ਨੂੰ ਯਥਾਰਥਵਾਦੀ ਅਤੇ ਸਾਰਥਕ ਸਿਖਲਾਈ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ , ਜਿਸ ਨਾਲ ਐਨਸੀਸੀ ਦਾ ਘੇਰਾ ਅਤੇ ਕੰਮ ਕਰਨ ਦੀ ਸਮਰੱਥਾ ਕਈ ਗੁਣਾਂ ਵਧੇਗੀ। ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਰਹੱਦੀ ਅਤੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਵਿੱਚ ਐਨਸੀਸੀ ਦੇ ਪ੍ਰਚਾਰ ਲਈ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਐਨ.ਸੀ.ਸੀ ਕੈਡਿਟ ਸਮਾਜਿਕ ਗਤੀਵਿਧੀਆਂ ਅਤੇ ਸਮਾਜਕ ਵਿਕਾਸ ਸਮਾਗਮਾਂ ਜਿਵੇਂ ਕਿ ਨਸ਼ਾ ਜਾਗਰੂਕਤਾ, ਰੁੱਖ ਲਗਾਉਣ ਅਤੇ ਟ੍ਰੈਫਿਕ ਜਾਗਰੂਕਤਾ ਵਰਗੇ ਮੁੱਦਿਆਂ ਉੱਤੇ ਵੀ ਕੰਮ ਕਰਨ। ਬ੍ਰਿਗੇਡੀਅਰ ਕੇ ਐਸ ਬਾਵਾ, ਗਰੁੱਪ ਕਮਾਂਡਰ, ਅੰਮ੍ਰਿਤਸਰ ਨੇ ਮਾਝਾ ਖੇਤਰ ਦੇ ਐਨਸੀਸੀ ਕੈਡਿਟਾਂ ਦੀ ਬਿਹਤਰੀ ਪ੍ਰਤੀ ਦ੍ਰਿੜ ਵਚਨਬੱਧਤਾ ਲਈ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ।