- ਅਜਨਾਲਾ ਸ਼ਹਿਰ ਹੋਵੇਗਾ ਕੈਮਰਿਆਂ ਨਾਲ ਲੈਸ
ਅੰਮ੍ਰਿਤਸਰ, 1 ਸਤੰਬਰ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਚਨਬੱਧ ਹੈ ਅਤੇ ਪੇਂਡੂ ਲੋਕਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਵਾਟਰ ਟਰੀਟਮੈਂਟ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ ਅਤੇ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਵਿੱਚ ਵਾਟਰ ਟਰੀਟਮੈਂਟ ਲਗਾਉਣ ਲਈ 16 ਕਰੋੜ 6 ਲੱਖ ਰੁਪਏ ਅਤੇ ਸਵੱਛ ਭਾਰਤ ਸਕੀਮ ਤਹਿਤ 30 ਲੱਖ 37 ਹਜ਼ਾਰ ਰੁਪਏ ਜਾਰੀ ਕੀਤੇ ਹਨ। ਧਾਲੀਵਾਲ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਮੰਤਰੀ ਵੱਲੋਂ ਨਗਰ ਕੌਂਸਲ ਰਮਦਾਸ ਵਿਖੇ ਵੀ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ 5 ਕਰੋੜ 88 ਲੱਖ ਰੁਪਏ, ਸਵੀਰੇਜ ਟਰੀਟਮੈਂਟ ਲਈ 9 ਕਰੋੜ 12 ਲੱਖ ਰੁਪਏ ਅਤੇ ਰਮਦਾਸ ਲਈ ਹੀ ਸਵੱਛ ਮਿਸ਼ਨ ਸਕੀਮ ਤਹਤਿ 27 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਸ੍ਰ ਧਾਲੀਵਾਲ ਨੇ ਸਥਾਨਕ ਸਰਕਾਰਾਂ ਮੰਤਰੀ ਸ੍ਰ ਬਲਕਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਕੀਮਾਂ ਦੇ ਸ਼ੁਰੂ ਹੋਣ ਨਾਲ ਅਜਨਾਲਾ ਵਾਸੀਆਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਜੀਵਨ ਪੱਧਰ ਵੀ ਉਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅਜਨਾਲਾ ਸ਼ਹਿਰ ਵਿੱਚ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 6 ਏਕੜ ਜਮੀਨ ਵਿੱਚ ਪਲਾਂਟ ਲਗਾਇਆ ਜਾਵੇਗਾ ਅਤੇ ਪਾਣੀ ਦੀ ਟੈਂਕੀ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਾਫ ਸਫਾਈ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਖਰੀਦ ਵੀ ਕੀਤੀ ਜਾ ਰਹੀ ਹੈ। ਸੁਰੱਖਿਆਂ ਪ੍ਰਬੰਧਾਂ ਦੀ ਗੱਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਸਾਰੇ ਸ਼ਹਿਰ ਵਿੱਚ 150 ਤੋਂ ਜਿਆਦਾ ਸੀਸੀਟੀ ਵੀ ਕੈਮਰੇ ਲਗਾਏ ਜਾਣਗੇ ਅਤੇ ਇਸ ਸਬੰਧੀ ਐਸਟੀਮੇਟ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ ਮਿਥੇ ਸਮੇਂ ਅੰਦਰ ਸ਼ੁਰੂ ਕੀਤੇ ਜਾਣਗੇ ਅਤੇ ਕੰਮਾਂ ਦੀ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇਗਾ। ਸ੍ਰ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਅਸੀਂ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹੀ ਬੇਰੁਜਗਾਰੀ ਨੂੰ ਖਤਮ ਕਰਨ ਦੇ ਉਦੇਸ਼ ਤਹਿਤ 35 ਹਜ਼ਾਰ ਤੋਂ ਵਧੇਰੇ ਨੌਕਰੀਆਂ ਨੌਜਵਾਨਾਂ ਨੂੰ ਮੁਹੱਈਆਂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਪਹਿਲਾਂ ਫੋਕੇ ਲਾਰੇ ਹੀ ਦਿੰਦੀਆਂ ਸਨ ਜਦ ਕਿ ਸਾਡੀ ਸਰਕਾਰ ਜਮੀਨੀ ਪੱਧਰ ’ਤੇ ਉਤਰ ਕੇ ਲੋਕਾਂ ਹਿੱਤ ਕੰਮ ਕਰ ਰਹੀ ਹੈ।