ਤਰਨ ਤਾਰਨ 30 ਅਕਤੂਬਰ 2024 : ਇਸ ਦੀਵਾਲੀ ਦੇ ਮੌਕੇ 'ਤੇ ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਦੀ ਪ੍ਰਧਾਨਗੀ ਹੇਠ ਨਹਿਰੂ ਯੁਵਾ ਕੇਂਦਰ ਤਰਨਤਾਰਨ, ਮਾਈ ਭਾਰਤ, ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਨੂਰਦੀ ਬਾਜ਼ਾਰ ਵਿੱਚ ਸਫ਼ਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਕਾਲਜ ਦੇ ਮਾਈ ਭਾਰਤ ਵਾਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਈ ਭਾਰਤ ਵਲੰਟੀਅਰਾਂ ਨੇ ਬਾਜ਼ਾਰ ਦੀ ਸਫ਼ਾਈ ਅਤੇ ਸਵੱਛਤਾ ਰੈਲੀ ਕੱਢੀ ਅਤੇ ਦੁਕਾਨਦਾਰਾਂ ਨੂੰ ਦੀਵਾਲੀ ਮੌਕੇ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦਾ ਸੁਨੇਹਾ ਦਿੱਤਾ। ਇਸ ਪ੍ਰੋਗਰਾਮ ਦੇ ਚਲਦਿਆਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਅਤੇ ਇਸਦੀ ਥਾਂ 'ਤੇ ਧਾਤੂ ਦੀਆਂ ਬੋਤਲਾਂ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ। ਪ੍ਰੋਗਰਾਮ ਵਿੱਚ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਾਈ ਭਾਰਤ ਵਾਲੰਟੀਅਰਾਂ ਵੱਲੋਂ ਪੂਰੇ ਭਾਰਤ ਵਿੱਚ 27 ਅਕਤੂਬਰ ਤੋਂ 30 ਅਕਤੂਬਰ ਤੱਕ ਚਲਾਇਆ ਗਿਆ। ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਬੌੜੀ ਚੌਕ ਅਤੇ ਮਹਿੰਦਰਾ ਮਾਰਕੀਟ ਵਿੱਚ ਮਾਈ ਭਾਰਤ ਵਾਲੰਟੀਅਰਾਂ ਵੱਲੋਂ ਸਫਾਈ ਮੁਹਿੰਮ ਚਲਾਈ ਗਈ ਅਤੇ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਫਾਈ ਰੈਲੀ ਕੱਢੀ ਗਈ। ਪ੍ਰੋਗਰਾਮ ਵਿੱਚ ਐਨਐਸਐਸ ਮੁਖੀ ਸਰਦਾਰ ਹੀਰਾ ਸਿੰਘ, ਮੈਡਮ ਸੋਨੀਆ ਅਤੇ ਸ੍ਰੀ ਗੁਰੂ ਅਰਜਨ ਦੇਵ ਕਾਲਜ ਦੇ ਹੋਰ ਅਧਿਆਪਕ ਹਾਜ਼ਰ ਸਨ।