- ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਨਵਾਂ ਤਹਿਸੀਲ ਕੰਪਲੈਕਸ ਬਟਾਲਾ-ਵਿਧਾਇਕ ਸ਼ੈਰੀ ਕਲਸੀ
ਬਟਾਲਾ, 24 ਸਤੰਬਰ 2024 : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਪੁਲਿਸ ਲਾਈਨ, ਨੇੜੇ ਜੁਡੀਸ਼ੀਅਲ ਕੰਪਲੈਕਸ ਬਟਾਲਾ ਵਿਖੇ ਨਵੇਂ ਬਣਨ ਵਾਲੇ ਤਹਿਸੀਲ ਕੰਪਲੈਕਸ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਦੋਂ ਦਾ ਲੋਕਾਂ ਨੇ ਉਨਾਂ ਨੂੰ ਸੇਵਾ ਕਰਨ ਦਾ ਮੋਕਾ ਦਿੱਤਾ ਹੈ, ਉਨਾਂ ਵਲੋਂ ਦਿਨ ਰਾਤ ਹਲਕੇ ਦਾ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਨਵੇਂ ਤਹਿਸੀਲ ਕੰਪਲੈਕਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇੱਕ ਛੱਤ ਹੇਠਾਂ ਵੱਖ ਵੱਖ ਸੇਵਾਵਾਂ ਦਾ ਲਾਭ ਮਿਲੇਗਾ।ਉਨਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਸਹੂਲਤ ਪੁਜਦਾ ਕਰਨ ਲਈ, ਉਹ ਵਚਨਬੱਧ ਹਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।