ਗੁਰਦਾਸਪੁਰ, 30 ਸਤੰਬਰ 2024 : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੇ ਸੈਕਟਰੀ ਜਾਂ ਅਧਿਕਾਰੀ ਦਫਤਰਾਂ ਵਿੱਚ ਨਹੀਂ ਹਨ ਉਹਨਾਂ ਦੀ ਸ਼ਿਕਾਇਤ ਜਰੂਰ ਕਰਨਗੇ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਆਪਣੀਆਂ ਧੱਕੇਸ਼ਾਹੀਆਂ ਅਤੇ ਜ਼ਿਆਦਤੀਆਂ ਦਾ ਖਾਮਿਆਜ਼ਾ ਭੁਗਤਨਾ ਪਵੇਗਾ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਵਿਰੋਧੀ ਧਿਰਾਂ ਦੇ ਸਰਪੰਚੀ ਦੇ ਉਮੀਦਵਾਰਾਂ ਨੂੰ ਐਨਓਸੀ ਤੱਕ ਨਹੀਂ ਦਿੱਤੀ ਜਾ ਰਹੀ ਅਤੇ ਹੋਰ ਵੀ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਧੱਕੇਸ਼ਾਹੀਆਂ ਕਾਰਨ ਹੀ ਐਮਪੀ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ 11 ਤੋਂ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਸੀਮਟ ਗਈ ਹੈ ਅਤੇ ਅੱਗੇ ਹੋਰ ਇਨ੍ਹਾਂ ਨੂੰ ਮੁਆਵਜ਼ਾ ਭੁਗਤਨਾ ਪਵੇਗਾ। ਕਿਉਂਕਿ ਲੋਕਾਂ ਨੂੰ ਯਾਦ ਹੈ ਕਿ ਭਗਵੰਤ ਮਾਨ ਨੇ ਸਟੇਜ ਖਲੋ ਕੇ ਪੰਜਾਬੀਆਂ ਨੂੰ ਕਿਹਾ ਸੀ ਕਿ ਪਿੰਡਾਂ ਵਿੱਚ ਸਰਪੰਚੀ ਦੀਆਂ ਚੋਣਾਂ ਵਿੱਚ ਕੋਈ ਧੱਕੇਸ਼ਾਹੀ ਨਹੀਂ ਚਲੇਗੀ। ਉੱਥੇ ਹੀ ਬਾਜਵਾ ਨੇ ਸਰਪੰਚੀ ਦੀਆ ਚੋਣਾਂ ਵਿੱਚ ਬੋਲੀ ਲਗਾਉਣ ਵਾਲੇ ਉਮੀਦਵਾਰਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਹਿਮਾਇਤ ਕੀਤੀ। ਉਹਨਾਂ ਕਿਹਾ ਕਿ ਵਿਜੀਲੈਂਸ ਛੋਟੇ ਮੋਟੇ ਰਿਸ਼ਵਤ ਖੋਰਾ ਨੂੰ ਤੁਰੰਤ ਫੜ ਰਹੀ ਹੈ ਤਾਂ ਅਜਿਹੇ ਵੱਡੀ ਬੋਲੀ ਲਾਉਣ ਵਾਲਿਆਂ ਖਿਲਾਫ ਵੀ ਮਾਮਲੇ ਦਰਜ ਕਰੇ। ਇਹ ਲੋਕਤੰਤਰਕ ਤਰੀਕਾ ਨਹੀਂ ਹੈ। ਜੇ ਕਿਸੇ ਸਰਪੰਚ ਨੇ ਪਿੰਡ ਦੀ ਵਿਕਾਸ ਲਈ ਪੈਸੇ ਦੇਣੇ ਹੀ ਹਨ ਤਾਂ ਸਰਪੰਚ ਬਣਨ ਤੋਂ ਬਾਅਦ ਦਵੇ ਨਾ ਕਿ ਬੋਲੀ ਲਗਾਏ।