- ਖੁਲ੍ਹੇ ਬੋਰਵੈਲ ਬੱਚਿਆਂ ਦੀ ਸੁਰੱਖਿਆ ਅਤੇ ਪਾਣੀ ਦੇ ਪ੍ਰਦੂਸ਼ਣ ਲਈ ਵੱਡਾ ਖ਼ਤਰਾ
ਤਰਨਤਾਰਨ 20 ਅਕਤੂਬਰ : ਖੁਲ੍ਹ ਬੋਰਵੈਲ ਬੱਚਿਆਂ ਦੀ ਸੁਰੱਖਿਆ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਦਾ ਕਾਰਨ ਬਣਦੇ ਹਨ ਸੋ ਕਿਸੇ ਵੀ ਹਾਲਤ ਵਿੱਚ ਪਿੰਡ ਜਾਂ ਸ਼ਹਿਰ ਇਹ ਬੋਰਵੈਲ ਖੁਲ੍ਹੇ ਨਾ ਛੱਡੇ ਜਾਣ। ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਕੁਮਾਰ ਨੇ ਮਿਉਂਸੀਪਲ ਕੌਂਸਲਾਂ, ਸਮੂਹ ਐਸ.ਡੀ.ਐਮ, ਡੀ.ਡੀ.ਪੀ.ਓ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਮੁੱਖ ਖੇਤੀਬਾੜੀ ਅਫ਼ਸਰ, ਪੁਲਿਸ, ਪੰਚਾਇਤ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਇਹ ਹਦਾਇਤ ਜਾਰੀ ਕਰਦਿਆਂ ਲਿੱਖਿਆ ਹੈ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਵੀ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਆਪਣੇ 6 ਅਗਸਤ 2010 ਦੇ ਹੁਕਮਾਂ ਵਿੱਚ ਜਾਰੀ ਕੀਤੀਆਂ ਗਈਆਂ ਹਨ, ਜਿਨਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਨਾਂ ਖੁਲ੍ਹੇ ਬੋਰਵੈਲ ਦੇ ਖਤਰਿਆਂ ਤੋਂ ਲੋਕਾਂ ਅਤੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਆਪਣੇ ਬੋਰਵੈਲ ਖੁਲ੍ਹੇ ਨਾ ਛੱਡਣ। ਉਨਾਂ ਕਿਹਾ ਕਿ ਸਬੰਧਤ ਵਿਭਾਗ ਅਜਿਹੇ ਬੋਰਵੈਲਾਂ ਦੀ ਪਛਾਣ ਕਰਨ ਲਈ ਖੇਤਰੀ ਪੱਧਰ ’ਤੇ ਉਪਰਾਲੇ ਕਰੇ। ਉਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਲਿੱਖਿਆ ਕਿ ਉਹ ਯਕੀਨੀ ਬਣਾਵੇ ਕਿ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਕੋਈ ਵੀ ਬੋਰਵੈਲ ਖੁਲ੍ਹੇ ਨਹੀਂ ਛੱਡਿਆ ਗਿਆ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਦੇ ਮੈਂਬਰ ਅਤੇ ਪੰਚਾਇਤ ਸਕੱਤਰ ਪਿੰਡਾਂ ਵਿੱਚ ਅਜਿਹੇ ਖੁਲ੍ਹੇ ਬੋਰਵੈਲ ਨੂੰ ਤੁਰੰਤ ਬੰਦ ਕਰਵਾਉਣ। ਉਨਾਂ ਪੰਜਾਬ ਜਲ ਸਰੋਤ ਅਤੇ ਵਿਕਾਸ ਨਿਗਮ, ਪੰਜਾਬ ਰੂਰਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਨਾਂ ਦੀਆਂ ਆਪਣੀਆਂ ਸਕੀਮਾਂ ਦੇ ਬੋਰਵੈਲ ਖੁਲ੍ਹ ਨਾ ਰਹਿਣ। ਉਨਾਂ ਇਸ ਲਈ ਸਬੰਧਤ ਐਸ.ਡੀ.ਐਮ. ਅਤੇ ਡੀ.ਐਸ.ਪੀ. ਨੂੰ ਸਾਂਝੇ ਤੋਰ ’ਤੇ ਇਲਾਕੇ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਦੀ ਵੀ ਹਦਾਇਤ ਕੀਤੀ। ਉਨਾਂ ਕਿਹਾ ਕਿ ਜੇਕਰ ਕਿਸੇ ਜਮੀਨ ਮਾਲਕ ਵਲੋਂ ਖੁਲ੍ਹੇ ਪਏ ਬੋਰਵੈਲ ਨੂੰ ਇਕ ਮਹੀਨੇ ਦੇ ਅੰਦਰ ਬੰਦ ਨਹੀਂ ਕੀਤਾ ਜਾਂਦਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਖੁਲ੍ਹੇ ਬੋਰਵੈਲ ਕਾਰਨ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਸਬੰਧਤ ਜਮੀਨ ਮਾਲਕ ਖਿਲਾਫ਼ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ ਅਧੀਨ ਕਾਨੂੰਨੀ ਕਾਰਵਾਈ ਅਤੇ ਜ਼ੁਰਮਾਨਾ ਕੀਤਾ ਜਾਵੇਗਾ।