- 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨਾਂ ਨੂੰ ਆਪਣੀ ਵੋਟ ਜ਼ਰੂਰ ਬਣਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 20 ਜੁਲਾਈ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਤਰੁੱਟੀਆਂ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਵਾਸਤੇ ਬੂਥ ਲੈਵਲ ਅਫ਼ਸਰਾਂ ਵਲੋਂ 21 ਜੁਲਾਈ ਤੋਂ 21 ਅਗਸਤ, 2023 ਤੱਕ ਘਰ-ਘਰ ਸਰਵੇਖਣ ਕਰਵਾਇਆ ਜਾਵੇਗਾ ਤਾਂ ਜੋ ਵੋਟਰਾਂ ਦੇ ਵੇਰਵਿਆਂ ਵਿਚ ਕੋਈ ਤਰੁੱਟੀ ਨਾ ਰਹੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01 ਜਨਵਰੀ, 2024 ਦੇ ਆਧਾਰ `ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 17 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਡਰਾਫ਼ਟ ਪ੍ਰਕਾਸ਼ਨਾ ਕਰਵਾਈ ਜਾਵੇਗੀ ਅਤੇ ਵੋਟਰ ਆਪਣੇ ਦਾਅਵੇ ਜਾਂ ਇਤਰਾਜ਼ 30 ਨਵੰਬਰ ਤੱਕ ਦੇ ਸਕਣਗੇ।ਉਨ੍ਹਾਂ ਦੱਸਿਆ ਕਿ 17 ਅਕਤੂਬਰ ਤੋਂ 30 ਨਵੰਬਰ ਤੱਕ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ 21-22 ਅਕਤੂਬਰ (ਸ਼ਨੀਵਾਰ ਤੇ ਐਤਵਾਰ) ਅਤੇ 18 ਤੇ 19 ਨਵੰਬਰ (ਸ਼ਨੀਵਾਰ ਤੇ ਐਤਵਾਰ) ਵਾਲੇ ਦਿਨ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ, ਜਿਸ ਅਨੁਸਾਰ ਬੀ. ਐਲ. ਓਜ਼ ਬੂਥਾਂ ’ਤੇ ਬੈਠ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਵੋਟਰਾਂ ਵਲੋਂ ਦਾਇਰ ਕੀਤੇ ਗਏ ਦਾਅਵੇ ਅਤੇ ਇਤਰਾਜ਼ 17 ਅਕਤੂਬਰ ਤੋਂ 24 ਦਸੰਬਰ ਤੱਕ ਨਿਪਟਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 28 ਦਸੰਬਰ ਤੇ 29 ਦਸੰਬਰ ਨੂੰ ਫ਼ੋਟੋ ਵੋਟਰ ਸੂਚੀਆਂ ਤੇ ਬਿਨਾਂ ਫ਼ੋਟੋ ਵੋਟਰ ਸੂਚੀਆਂ ਦੀ ਪੀ. ਡੀ. ਐਫ ਫਾਈਲ ਤਿਆਰ ਕੀਤੀ ਜਾਵੇਗੀ ਅਤੇ 05 ਜਨਵਰੀ, 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਉਹ ਸਰਸਰੀ ਸੁਧਾਈ ਤਹਿਤ ਬੀ. ਐਲ. ਓਜ਼ ਵਲੋਂ ਘਰ-ਘਰ ਜਾ ਸਰਵੇ ਕਰਨ ਦੀ ਮੁਹਿੰਮ ਤਹਿਤ ਪੂਰਾ ਸਹਿਯੋਗ ਦੇਣ ਅਤੇ ਮੰਗ ਅਨੁਸਾਰ ਦਸਤਾਵੇਜ਼ ਜਿਵੇਂ ਕਿ ਜਨਮ ਦਾ ਸਰਟੀਫਿਕੇਟ/ਮੋਤ ਦਾ ਸਰਟੀਫਿਕੇਟ ਅਤੇ ਆਧਾਰ ਕਾਰਡ ਆਦਿ ਦਿਖਾਏ ਜਾਣੇ ਯਕੀਨੀ ਬਣਾਉਣ। ਇਸ ਦੇ ਨਾਲ ਹੀ ਸ਼ਨਾਖਤੀ ਕਾਰਡ ਨੂੰ ਆਧਾਰ ਕਾਰਡ ਨਾਲ ਵੀ ਸਵੈ-ਇੱਛਾ ਅਨੁਸਾਰ ਲਿੰਕ ਕਰਵਾਇਆ ਜਾ ਸਕਦਾ ਹੈ।