ਗੁਰਦਾਸਪੁਰ, 6 ਸਤੰਬਰ : ਚੰਦਰਯਾਨ-3 ਦੀ ਸਫਲ ਲੈਡਿੰਗ ਦੇ ਬਾਅਦ ਮਿਤੀ 02-09-2023 ਨੂੰ ਇਸਰੋ ਵਲੋਂ ਅਦਿੱਤਿਆ ਐਲ-1 ਦੀ ਲਾਂਚਿੰਗ ਸੀ੍ਰਹਰੀਕੋਟਾ ਦੇ ਸ਼ਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਕੁੱਲ 23 ਜ਼ਿਲ੍ਹਿਆਂ ਵਿੱਚ ਖੋਲ੍ਹੇ ਗਏ ਸਕੂਲ ਆਫ ਐਮੀਨੈਂਸ ਦੇ ਕਰੀਬ 18 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਵਿੱਚੋਂ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਵੀ ਸ਼ਾਮਲ ਸੀ। ਇਸ ਵਿਦਿਆਰਥਣ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਵਿਨੋਦ ਸ਼ਰਮਾ ਅਤੇ ਪ੍ਰਿੰਸੀਪਲ ਸ੍ਰੀ ਰਮੇਸ਼ ਲਾਲ ਦੀ ਯੋਗ ਅਗਵਾਈ ਹੇਠ ਤਿੰਨ ਦਿਨਾਂ ਲਈ ਸ਼੍ਰੀ ਹਰੀਕੋਟਾ(ਆਂਧਰਾ ਪ੍ਰਦੇਸ਼) ਭੇਜਿਆ ਗਿਆ । ਵਿਦਿਆਰਥਣ ਹਰਮਨਪ੍ਰੀਤ ਨੇ ਦੱਸਿਆ ਕਿ ਉਸ ਨੇ ਚੰਦਰਯਾਨ-3 ਦੀ ਲਾਂਚਿੰਗ ਟੀ ਵੀ ਤੇ ਦੇਖੀ ਸੀ, ਪ੍ਰੰਤੂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਹੀਨੇ ਬਾਅਦ ਅਦਿੱਤਿਆ ਐਲ-1 ਦੀ ਲਾਂਚਿੰਗ ਇਸਰੋ ਵਿਖੇ ਆਪਣੀਆਂ ਅੱਖਾ ਦੇ ਸਾਹਮਣੇ ਦੇਖੇਗੀ। ਉਸਨੇ ਦੱਸਿਆ ਉਸਦੇ ਲਈ ਇਹ ਇੱਕ ਅਜੂਬਾ ਸੀ। ੳਸਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਵਾਈ ਸਫਰ ਰਾਹੀਂ ਸ੍ਰੀ ਹਰੀਕੋਟਾ (ਆਂਧਰਾ ਪ੍ਰਦੇਸ਼) ਜਾਣਾ ਅਤੇ ਹੋਟਲ ਵਿੱਚ ਠਹਿਰਣਾ ਅਤੇ ਇਸਰੋ ਵਿਖੇ ਲਾਈਵ ਲਾਂਚਿਗ ਦੇਖਣਾ ਉਸਦੇ ਦੀ ਜ਼ਿੰਦਗੀ ਦਾ ਪਹਿਲਾ ਅਨੋਖਾ ਅਨੁਭਵ ਸੀ। ਇਸ ਖਾਸ ਮੌਕੇ ਲਈ ਉਸਨੇ ਮੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ। ਇਸਰੋ ਵਿਜਟ ਤੋਂ ਪਰਤੀ ਹਰਮਨਪੀ੍ਰਤ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਲਈ ਅਜਿਹੇ ਮੌਕੇ ਉਹਨਾਂ ਨੂੰ ਜੀਵਨ ਵਿੱਚ ਸਹੀ ਸੇਧ ਦੇਣ ਵਾਸਤੇ ਬਹੁਤ ਸਹਾਈ ਹੁੰਦੇ ਹਨ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸ. ਲਖਵਿੰਦਰ ਸਿੰਘ, ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ, ਜਮਾਤ ਇੰਚਾਰਜ ਜਸਬੀਰ ਕੌਰ ਵੀ ਹਾਜਰ ਸਨ।