- ਬਟਾਲਾ ਫੁੱਟਬਾਲ ਕਲੱਬ ਨੇ ਲਾਏ ਫੱਲਦਾਰ ਬੂਟੇ
ਬਟਾਲਾ,16 ਜੁਲਾਈ 2024 : ਬਟਾਲਾ ਫੁੱਟਬਾਲ ਕਲੱਬ ਵੱਲੋਂ ਕਲੱਬ ਦੇ ਸਰਪਰਸਤ ਰਜਿੰਦਰ ਸਿੰਘ ਬਾਜਵਾ, ਪ੍ਰਧਾਨ ਰਾਜਵਿੰਦਰ ਸਿੰਘ ਮਾਹਲ, ਨਵਜੋਤ ਸਿੰਘ ਮੱਲੀ ਅਤੇ ਸ਼ਿਵਰਾਜ ਸਿੰਘ ਦੀ ਅਗਵਾਈ ਹੇਠ ਆਈ. ਟੀ.ਆਈ. ਬਟਾਲਾ ਦੀ ਗਰਾਊਂਡ ਵਿੱਚ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਦੌਰਾਨ ਗਰਾਊਂਡ ਵਿੱਚ ਵੱਖ-ਵੱਖ ਪ੍ਰਜਾਤੀਆਂ ਦੇ ਕਰੀਬ 100 ਪੌਦੇ ਲਗਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅੰਬ, ਅਮਰੂਦ, ਲਂਗਾਠਾਂ, ਆੜੂ, ਕਿੰਨੂ, ਮਾਲਟਾ ਆਦੀ ਦੇ ਫੱਲਦਾਰ ਬੂਟੇ ਸਨ। ਇਸ ਮੌਕੇ ਬੀ.ਐਫ.ਸੀ. ਦੇ ਪ੍ਰਧਾਨ ਰਾਜਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਹਾਈਵੇਅ ਬਣਾਉਣ, ਕਲੋਨੀਆਂ ਦੀ ਉਸਾਰੀ ਅਤੇ ਹੋਰ ਕਈ ਕਾਰਨਾਂ ਕਰਕੇ ਸੈਂਕੜੇ ਦਰਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਵਾਤਾਵਰਨ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ ਅਤੇ ਤਾਪਮਾਨ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਇਲਾਕੇ ਵਿੱਚ ਭਾਰੀ ਗਰਮੀ ਪੈ ਰਹੀ ਹੈ ਅਤੇ ਬਦਲ ਰਹੇ ਇਸ ਮੌਸਮ ਦਾ ਇੱਕੋ ਹੀ ਹੱਲ ਹੈ ਕਿ ਅਸੀਂ ਸਾਰੇ ਵੱਧ ਤੋਂ ਵੱਧ ਪੌਦੇ ਲਗਾਈਏ। ਇਸ ਮੌਕੇ ਇਲਾਕੇ ਦੇ ਕੌਂਸਲਰ ਜਰਮਨਜੀਤ ਸਿੰਘ ਬਾਜਵਾ ਨੇ ਵੀ ਕਲਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਵੱਛ ਬਣਾਉਣਾ ਸਾਡਾ ਸਭ ਦਾ ਨੈਤਿਕ ਕਰਤੱਵ ਹੈ ਅਤੇ ਸਾਨੂੰ ਆਪਣੀ ਜਿੰਮੇਵਾਰੀ ਤਹਿ ਦਿਲੋਂ ਨਿਭਾਉਣੀ ਚਾਹਿਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਤੋਂ ਪ੍ਰੋ: ਜਸਬੀਰ ਸਿੰਘ ਨੇ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਪੌਦਿਆਂ ਦੀ ਸੰਭਾਲ ਕਰਨਾ ਵੀ ਬੇਹਦ ਜਰੂਰੀ ਹੈ। ਉਨ੍ਹਾਂ ਨੇ ਸੁਝਾਵ ਦਿੱਤਾ ਕਿ ਕਲੱਬ ਦੇ ਬੱਚਿਆਂ ਵਿੱਚ ਲਗਾਏ ਗਏ ਬੂਟਿਆਂ ਦੀ ਸੰਭਾਲ ਲਈ ਵੰਡ ਕਰ ਦਿੱਤੀ ਜਾਵੇ ਤਾਂ ਜੋ ਸਾਰੇ ਹੀ ਬੂਟੇ ਚੰਗੇ ਤਰੀਕੇ ਨਾਲ ਵੱਧ-ਫੁੱਲ ਸਕਣ। ਪ੍ਰੋ ਜਸਬੀਰ ਸਿੰਘ ਨੇ ਬਟਾਲਾ ਫੁੱਟਬਾਲ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਕਲੱਬ ਮੈਂਬਰ ਵਾਤਾਵਰਣ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਪੌਦੇ ਲਗਾ ਰਹੇ ਹਨ, ਉੱਥੇ ਨਾਲ ਹੀ ਕਈ ਸਾਲਾਂ ਤੋਂ ਇਹ ਕਲੱਬ ਪੌਦਿਆਂ ਰੂਪੀ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰਨਾਂ ਕੁਰਹਿਤਾਂ ਤੋਂ ਬਚਾਉਣ ਵਿੱਚ ਅਸੀਮਤ ਯੋਗਦਾਨ ਪਾ ਰਿਹਾ ਹੈ। ਉਨਾਂ ਦੱਸਿਆ ਕਿ ਕਲੱਬ ਵੱਲੋਂ ਬੱਚਿਆਂ ਨੂੰ ਫੁੱਟਬਾਲ ਦੀ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਬੱਚਿਆਂ ਦੀਆਂ ਵਰਦੀਆਂ ਅਤੇ ਕਿੱਟਾਂ ਆਦੀ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਪ੍ਰੋਫੈਸਰ ਜਸਬੀਰ ਸਿੰਘ ਨੇ ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਉਹ ਅੱਗੋਂ ਵੀ ਅਜਿਹੇ ਉਪਰਾਲੇ ਜਾਰੀ ਰੱਖਣਗੇ ।