- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਫੂਡ ਸੇਫਟੀ ਸਬੰਧੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ
ਤਰਨ ਤਾਰਨ, 24 ਜੁਲਾਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਫੂਡ ਸੇਫਟੀ ਸਬੰਧੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਸੁਖਬੀਰ ਕੌਰ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਸ਼ਹਿਰ ਦੇ ਹਰ ਇੱਕ ਖਾਧ ਪਦਾਰਥ ਵਿਕਰੇਤਾ ਲਈ ਫੂਡ ਦਾ ਲਾਇਸੰਸ ਲੈਣਾ ਅਤੇ ਰਜ਼ਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈਂਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਵਿਰੁੱਧ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਧ ਪਦਾਰਥਾਂ ਦੀ ਰੇਹੜੀਆਂ ਦਾ ਨਿਰਧਾਰਿਤ ਥਾਵਾਂ ਖੜੇ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਉਹਨਾਂ ਕਿਹਾ ਕਿ “ਈਟ ਰਾਈਟ” ਮੁਹਿੰਮ ਤਹਿਤ ਸਾਰੇ ਵਿਭਾਗਾਂ ਦੇ ਯੋਗਦਾਨ ਦੀ ਸਖ਼ਤ ਲੋੜ ਹੈ, ਕਿਉਂਕਿ ਆਮ ਲੋਕਾਂ ਨੂੰ ਜਾਗਰੂਕ ਕਰਨਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ ਅਤੇ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨੇ ਵੀ ਪੁਰਾਣੇ ਫੂਡ ਸੈਪਲਿੰਗ ਸੰਬੰਧੀ ਕੋਰਟ ਕੇਸ ਚੱਲਦੇ ਪਏ ਹਨ, ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟ, ਢਾਬਿਆਂ ਅਤੇ ਰੇਹੜੀਆਂ ਆਦਿ ‘ਤੇ ਮਿਲਣ ਵਾਲੇ ਖਾਦ ਪਦਾਰਥਾਂ ਦੀ ਸ਼ੁੱਧਤਾ, ਸਾਫ਼-ਸਫਾਈ ਅਤੇ ਗੁਣਵੱਤਾ ਵਿੱਚ ਕਿਸੇ ਤਰ੍ਹਾਂ ਦੀ ਕਮੀ ਪਾਏ ਜਾਣ ‘ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਨ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸਵੱਛ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਿਰੰਤਰ ਇਸ ਵਾਸਤੇ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਤਰਨ ਤਾਰਨ ਡਾ. ਸੁਖਬੀਰ ਕੌਰ ਨੇ ਕਿਹਾ ਕਿ ਫੂਡ ਸੈਫਟੀ ਐੱਕਟ 2006 ਦੇ ਅਧੀਨ ਸਾਰੇ ਖਾਧ ਪਦਾਰਥ ਵਿਕਰਤਾ ਇਸ ਐੱਕਟ ਨੂੰ ਲਾਗੂ ਕਰਨ ਅਤੇ ਅਮਲ ਵਿੱਚ ਲਿਆਉਣ ਲਈ ਸਿਹਤ ਵਿਭਾਗ ਨਾਲ ਸਹਿਯੋਗ ਕਰਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਕਮਿਸ਼ਨਰ ਫੂਡ ਐੱਡ ਡਰੱਗਸ ਐੱਡਮਿਨਸਟ੍ਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹੇ ਵਿੱਚ ਈਟ ਰਾਈਟਸ ਕੈਂਪਸ, ਕਲੀਨ ਸਟਰੀਟ ਫੂਡ ਹੱਬ ਅਤੇ ਕਲੀਨ ਫਰੂਟ ਐੱਡ ਵੈਜ਼ੀਟੇਬਲ ਮਾਰਕੀਟ ਬਣਾਏ ਗਏ ਹਨ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਲ 2023 ਨੂੰ ਇੰਟਰਨੈਸ਼ਨਲ ਈਅਰ ਆੱਫ਼ ਮਿਲਟਸ ਘੋਸ਼ਿਤ ਕੀਤਾ ਗਿਆ ਹੈ ਅਤੇ ਨਾਲ ਹੀ ਮੋਟੇ ਅਨਾਜ ਦੀਆਂ ਖੂਬੀਆਂ ਅਤੇ ਹੋਣ ਵਾਲੇ ਫਾਈਦੇ ਨੂੰ ਸਾਰਿਆ ਨਾਲ ਸਾਂਝਾ ਕੀਤਾ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜ਼ੀ ਡ੍ਰਰਿੰਕਸ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਸਾਰਿਆਂ ਨੂੰ ਦੱਸਿਆ ਗਿਆ। ਇਸ ਮੌਕੇ ਉਹਨਾਂ ਸਾਰੇ ਖ਼ਾਦ ਪਦਾਰਥ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਹੜ੍ਹਾਂ ਕਰਕੇ ਬਣੇ ਮਾਹੌਲ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਧਿਆਨ ਨਾਲ ਸਟੋਰ ਕੀਤਾ ਜਾਵੇ ਅਤੇ ਧਿਆਨ ਰੱਖਿਆ ਜਾਵੇ ਤੇ ਕੋਈ ਵੀ ਖ਼ਰਾਬ ਹੋਈ ਵਸਤੂ ਕਿਸੇ ਨੂੰ ਵੀ ਨਾ ਦਿੱਤੀ ਜਾਵੇ।