- ਪੰਜਾਬ ਸਰਕਾਰ ਦੇ ਵਾਅਦੇ ਅਨੁਸਾਰ ਘਰ ਦੇ ਨੇੜੇ ਹੀ ਮਿਲਣਗੀਆਂ ਮੁਫ਼ਤ ਸਿਹਤ ਸਹੂਲਤਾਂ: ਡਾ. ਨਿੱਜਰ
- ਡਾ. ਨਿੱਜਰ ਤੇ ਡਿਪਟੀ ਕਮਿਸ਼ਨਰ ਨੇ ਪਿੰਡ ਸੁਲਤਾਨਵਿੰਡ, ਵਿਧਾਇਕ ਜੀਵਨਜੋਤ ਕੌਰ ਨੇ ਵੇਰਕਾ ਅਤੇ ਚੇਅਰਮੈਨ ਮਿਆਦੀਆਂ ਨੇ ਰਾਣੀਆਂ ਵਿਖੇ ਕੀਤੇ ਆਮ ਆਦਮੀ ਕਲੀਨਿਕ ਦੇ ਉਦਘਾਟਨ
ਅੰਮ੍ਰਿਤਸਰ 14 ਅਗਸਤ : ਸ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਲੋਕਾਂ ਨਾਲ ਕੀਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰੇ ਕਰਦੇ ਹੋਏ ਡਾ ਬਲਬੀਰ ਸਿੰਘ ਸਿਹਤ ਮੰਤਰੀ ਦੀ ਰਹਿਨੁਮਾਈ ਵਿੱਚ ਪੰਜਾਬ ਵਿੱਚ ਪਹਿਲਾਂ ਹੀ 583 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਅਤੇ ਅੱਜ 76 ਹੋਰ ਆਮ ਆਦਮੀ ਕਲੀਨਿਕ ਪੰਜਾਬ ਭਰ ਵਿਚ ਖੋਲ੍ਹੇ ਗਏ ਹਨ, ਜਿਨਾਂ ਵਿਚੋਂ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਵੇਰਕਾ, ਅਟਾਰੀ, ਓਠੀਆਂ, ਰਾਣੀਆਂ ਅਤੇ ਪਿੰਡ ਸੁਲਤਾਨਵਿੰਡ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਕੀਤੇ ਗਏ। ਪਿੰਡ ਸੁਲਤਾਨਵਿੰਡ ਵਿਖੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ, ਵੇਰਕਾ ਵਿਖੇ ਵਿਧਾਇਕ ਜੀਵਨਜੋਤ ਕੌਰ, ਪਿੰਡ ਰਾਣੀਆਂ ਵਿਖੇ ਚੇਅਰਮੈਨ ਸ: ਬਲਦੇਵ ਸਿੰਘ ਮਿਆਦੀਆਂ, ਅਟਾਰੀ ਵਿਖੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਦੀ ਪਤਨੀ ਸ੍ਰੀਮਤੀ ਪ੍ਰਭਾ ਸਿੱਧੂ ਅਤੇ ਪਿੰਡ ਓਠੀਆਂ ਵਿਖੇ ਪਿੰਡ ਦੇ ਸਰਪੰਚ ਵਲੋਂ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਕੀਤੇ ਗਏ। ਵਿਧਾਇਕ ਸ: ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਿਲ੍ਹਾ ਅੰਮ੍ਰਿਤਸਰ ਵਿੱਚ 55 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ ਅਤੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚ ਲੱਗਭਗ 4,54,530 ਮਰੀਜਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 79590 ਮਰੀਜਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਜਾ ਚੁਕੇ ਹਨ। ਉਨਾਂ ਦੱਸਿਆ ਕਿ ਇਨਾਂ ਕਲੀਨਿਕਾਂ ਵਿੱਚ ਮੁਫ਼ਤ ਦਵਾਈਆਂ ਦੇ ਨਾਲ ਨਾਲ 41 ਤਰ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ। ਵਿਧਾਇਕ ਜੀਵਨਜੋਤ ਕੌਰ ਨੇ ਕਮਿਊਨਿਟੀ ਸੈਂਟਰ ਵੇਰਕਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਕਲੀਨਿਕ ਖੁੱਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 41 ਤਰ੍ਹਾ ਦੇ ਲੈਬ ਟੈਸਟ ਉਪਲਬਧ ਹਨ। ਇਸ ਸਮੇਂ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਸਿਹਤ ਸਹੂਲਤਾਂ ਉਹਨਾਂ ਦੇ ਘਰਾਂ ਦੇ ਨੇੜੇ ਦੇਣ ਦਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ, ਨਵੀਂ ਬਿੰਲਡਿੰਗਾਂ, ਨਵੇਂ ਔਜਾਰ, ਲੈਬ ਟੈਸਟ ਅਤੇ ਸਾਰੀਆਂ ਦਵਾਈਆਂ ਮੁਫ਼ਤ ਉਪਲਬਧ ਕਰਵਾ ਰਹੀ ਹੈ। ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਇੱਕ ਡਾਕਟਰ, ਇੱਕ ਫਾਰਮੇਸੀ ਅਫ਼ਸਰ, ਕਲੀਨੀਕਲ ਅਸਿਸਟੈਂਟ ਤੋਂ ਇਲਾਵਾ ਹੋਰ ਸਟਾਫ਼ ਵੀ ਕੰਮ ਕਰੇਗਾ। ਉਹਨਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮੁਫ਼ਤ ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਟੀਕਾਕਰਣ ਅਤੇ ਹੋਰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਸਿਹਤ ਸਟਾਫ਼ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਬਿਮਾਰੀਆਂ ਅਤੇ ਸਿਹਤ ਸੇਵਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਨੇੜੇ ਹੀ ਇਨ੍ਹਾਂ ਕਲੀਨਿਕਾਂ ਵਿੱਚੋਂ ਸਿਹਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਸਮੇਂ ਪੂਰੇ ਪੰਜਾਬ ਵਿੱਚ ਹੋ ਰਹੇ ਉਦਘਾਟਨੀ ਸਮਾਰੋਹਾਂ ਦਾ ਲਾਈਵ ਪ੍ਰਸ਼ਾਰਣ ਦਿਖਾਇਆ ਗਿਆ।