- ਫਸਲਾਂ ਦੀ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਮਿਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ : ਡਾ ਹਰਪਾਲ ਸਿੰਘ ਪੰਨੂ
ਤਰਨ ਤਾਰਨ, 14 ਅਕਤੂਬਰ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਆਈ ਏ ਐਸ ਦੇ ਦਿਸ਼ਾ ਨਿਰਦੇਸ਼ ਤਹਿਤ ਸੂਚਨਾ, ਸਿੱਖਿਆ ਅਤੇ ਪਸਾਰ ਗਤੀਵਿਧੀਆਂ ਅਨੁਸਾਰ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ, ਇਸ ਦੀ ਸੁਚੱਜੀ ਸਾਂਭ ਸੰਭਾਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਏ ਜਾ ਰਹੇ ਆਫ਼ਤ ਘਟਾਉਣ ਦਿਵਸ ਸਬੰਧੀ ਜਾਣਕਾਰੀ ਦੇਣ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਨੇ ਪਿੰਡ ਬੂਹ ਹਵੇਲੀਆਂ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ, ਐਨਜੀਟੀ ਦੇ ਅਬਜਰਵਰ ਅਨੁਰਾਗ ਤ੍ਰਿਪਾਠੀ, ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਸੰਬੋਧਨ ਦੌਰਾਨ ਕਿਹਾ ਕਿ ਕੁਦਰਤੀ ਆਫਤਾਂ ਭੁਚਾਲ, ਜਲਵਾਯੂ ਤਬਦੀਲੀ ਆਦਿ ਨਾਲ ਹੁੰਦੇ ਨੁਕਸਾਨਾਂ ਨੂੰ ਤਾਂ ਹੀ ਘਟਾਇਆ ਜਾ ਸਕਦਾ ਹੈ ਜੇਕਰ ਅਸੀਂ ਇਸ ਸਬੰਧੀ ਸਿੱਖਿਅਤ ਹੋ ਕੇ ਕੁਦਰਤ ਨਾਲ ਇਕਮਿਕ ਹੋਈਏ। ਇਸ ਦੌਰਾਨ ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਪੈਦਾ ਹੋਈਆਂ ਜ਼ਹਿਰੀਲੀਆਂ ਗੈਸਾਂ ਸਾਹ ਦੀਆਂ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ। ਜਦਕਿ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਮਿਲਾ ਦੇਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਸਮਾਂ ਪਾ ਕੇ ਫਸਲ ਦੇ ਝਾੜ ਵਿੱਚ ਵੀ ਚੰਗੇ ਨਤੀਜੇ ਮਿਲਦੇ ਹਨ ।ਇਸ ਲਈ ਆਓ ਸਾਰੇ ਰਲ ਮਿਲ ਕੇ ਸਹਿਯੋਗ ਕਰੀਏ ਅਤੇ ਪਰਾਲੀ ਪ੍ਰਬੰਧਨ ਲਈ ਹੰਭਲਾ ਮਾਰੀਏ।ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ ਨਵਜੋਤ ਸਿੰਘ ਬਰਾੜ ਨੇ ਫਸਲੀ ਵਿਭਿੰਨਤਾ ਅਤੇ ਘਰੇਲੂ ਖਪਤ ਲਈ ਕਨੌਲਾ ਸਰੋਂ ਦੀ ਕਾਸ਼ਤ ਬਾਰੇ ਜਾਣੂ ਕਰਾਇਆ ਅਤੇ ਡਾ ਪ੍ਰਭਜਿੰਦਰ ਸਿੰਘ ਮਾਨ ਨੇ ਪਰਾਲੀ ਨੂੰ ਸੋਧ ਕੇ ਪਸ਼ੂ ਚਾਰੇ ਵਜੋਂ ਵਰਤਣ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗੁਰਬਿੰਦਰ ਸਿੰਘ ਸਿੰਘ ਏਡੀਓ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੂਝਵਾਨ ਕਿਸਾਨ ਗੁਰਬਚਨ ਸਿੰਘ ਨੇ ਸਰਫੇਸ ਸੀਡਿੰਗ ਤਕਨੀਕ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਦਇਆਪ੍ਰੀਤ ਸਿੰਘ ਏਈਓ , ਰਜਿੰਦਰ ਕੁਮਾਰ ਏਈਓ , ਮਨਮੋਹਨ ਸਿੰਘ ਏਈਓ, ਅਮਨਦੀਪ ਸਿੰਘ ਏਈਓ , ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਗੁਰਲਾਲ ਸਿੰਘ ਫੀਲਡ ਵਰਕਰ, ਸਰਪੰਚ ਜਗਦੇਵ ਸਿੰਘ, ਗੁਰਭੇਜ ਸਿੰਘ, ਬਲਜਿੰਦਰ ਸਿੰਘ , ਜਸਵਿੰਦਰ ਸਿੰਘ ,ਮੇਜਰ ਸਿੰਘ, ਅਜੀਤ ਸਿੰਘ, ਰਣਧੀਰ ਸਿੰਘ, ਕਰਤਾਰ ਸਿੰਘ ,ਤਰਸੇਮ ਸਿੰਘ , ਠੇਕੇਦਾਰ ਸਤਨਾਮ ਸਿੰਘ ਸਭਰਾ ਨੇ ਅਨੁਭਵ ਸਾਂਝਾ ਕੀਤਾ ਕਿ ਪਰਾਲੀ ਪ੍ਰਬੰਧਨ ਕਰਨਾ ਸਾਡੇ ਲਈ ਲਾਹੇਵੰਦਾ ਹੀ ਸਾਬਤ ਹੋਇਆ ਹੈ ਇਸ ਲਈ ਦੂਜੇ ਕਿਸਾਨ ਵੀ ਵੱਧ ਚੜ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਦਾ ਚੰਗਾ ਭਵਿੱਖ ਬਣ ਸਕੇ। ਇਸ ਮੌਕੇ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਲੋਕ ਕਲਾ ਮੰਚ ਦੀ ਟੀਮ ਨੇ ਕਿਸਾਨਾਂ ਨੂੰ ਮਿੱਟੀ ,ਪਾਣੀ ਅਤੇ ਹਵਾ ਦੀ ਹਿਫਾਜ਼ਤ ਲਈ ਨੁੱਕੜ ਨਾਟਕ ਰਾਹੀਂ ਵੀ ਪ੍ਰੇਰਿਤ ਕੀਤਾ ।